ਮੁੱਖ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਭਰੋਸਾ, 15 ਨਵੰਬਰ ਤੋਂ ਕਾਰਜਸ਼ੀਲ ਹੋਣਗੀਆਂ ਖੰਡ ਮਿੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਕੀ ਮੰਗਾਂ ਦੇ ਹੱਲ ਲਈ ਖੰਡ ਮਿੱਲ ਮਾਲਕਾਂ ਅਤੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ ਜਾਵੇਗੀ

CM Charanjit Singh Channi and Farmers

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨਿਚਰਵਾਰ ਨੂੰ ਗੰਨੇ ਦੀ ਫਸਲ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਮਾਝਾ ਅਤੇ ਦੋਆਬਾ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਇੱਥੇ ਅਪਣੀ ਸਰਕਾਰੀ ਰਿਹਾਇਸ਼ ਵਿਖੇ ਮੀਟਿੰਗ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਗੰਨੇ ਦੇ ਸੀਜ਼ਨ, 2021-2022 ਲਈ ਪੰਜਾਬ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ 15 ਨਵੰਬਰ, 2021 ਤੋਂ ਚਲਾਉਣ ਨੂੰ ਯਕੀਨੀ ਬਣਾਉਣ ਲਈ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ।

ਹੋਰ ਪੜ੍ਹੋ:ਮਮਤਾ ਬੈਨਰਜੀ ਦਾ ਤੰਜ਼, 'ਕਾਂਗਰਸ ਕਰਕੇ ਹੀ ਪੀਐਮ ਮੋਦੀ ਜ਼ਿਆਦਾ ਤਾਕਤਵਰ'

ਇਸ ਤੋਂ ਪਹਿਲਾਂ ਕਿਸਾਨਾਂ ਨੇ ਆਪਣੀਆਂ ਮੰਗਾਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਗੰਨਾ ਉਹਨਾਂ ਦੇ ਇਲਾਕਿਆਂ ਦੀ ਪ੍ਰਮੁੱਖ ਫ਼ਸਲ ਹੈ ਅਤੇ ਕਿਸਾਨਾਂ ਦੀ ਆਰਥਿਕਤਾ ਗੰਨੇ ਦੀ ਫਸਲ ਉਤੇ ਨਿਰਭਰ ਕਰਦੀ ਹੈ, ਪ੍ਰੰਤੂ ਇਸ ਵਾਰ ਪੰਜਾਬ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਵਲੋਂ ਨਾ ਤਾਂ ਗੰਨਾ ਬਾਊਂਡ ਕੀਤਾ ਗਿਆ ਹੈ ਅਤੇ ਨਾ ਹੀ ਕਲੰਡਰ ਸਿਸਟਮ ਪੂਰਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸਮੇਂ ਸਿਰ ਮਿੱਲਾਂ ਚਲਾਉਣ ਲਈ ਕੋਈ ਤਰੀਕ ਦਿੱਤੀ ਜਾ ਰਹੀ ਹੈ।

ਹੋਰ ਪੜ੍ਹੋ:ਬੈਰੀਕੇਡ ਹਟਾਉਣ ’ਤੇ ਬਲਬੀਰ ਰਾਜੇਵਾਲ ਦਾ ਬਿਆਨ, ‘ਕੇਂਦਰ ਸਰਕਾਰ ਬੌਖਲਾ ਗਈ ਹੈ’

ਇਸ ਤੋਂ ਇਲਾਵਾ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਸੀਜ਼ਨ, 2021-22 ਲਈ ਕਿਸਾਨਾਂ ਨੂੰ ਨਗਦ ਅਦਾਇਗੀ ਅਤੇ ਪਿਛਲੇ ਸੀਜ਼ਨਾਂ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਤੁਰੰਤ ਅਦਾਇਗੀ ਕਰਨ  ਬਾਰੇ ਅਪੀਲ ਕੀਤੀ। ਇਸ ਬਾਰੇ ਮੁੱਖ ਮੰਤਰੀ ਚੰਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਖੰਡ ਮਿੱਲ ਮਾਲਕਾਂ ਅਤੇ ਸਬੰਧਤ ਵਿਭਾਗਾਂ ਦੀ ਜਲਦ ਮੀਟਿੰਗ ਬੁਲਾਈ ਜਾਵੇ। 

ਹੋਰ ਪੜ੍ਹੋ:ਪੀਐਮ ਮੋਦੀ ਨੇ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ

ਇਸ  ਮੌਕੇ ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਕਿਸਾਨਾਂ ਨਾਲ ਡੱਟ ਕੇ ਖੜੀ ਹੈ, ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਰਕਾਰ ਵਲੋਂ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਨੇਤਾਵਾਂ ਨੇ ਮੁੱਖ ਮੰਤਰੀ ਦਾ ਸਿਰਪਾਓ ਨਾਲ ਸਨਮਾਨ ਕੀਤਾ। ਮੀਟਿੰਗ ਵਿਚ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ, ਦੋਆਬਾ ਕਿਸਾਨ ਯੂਨੀਅਨ ਪੰਜਾਬ  ਦੇ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ, ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਚੰਦਰ ਸ਼ਰਮਾ, ਗੰਨਾ ਸੰਘਰਸ਼ ਕਮੇਟੀ ਦਸੂਹਾ ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਸਤਨਾਮ ਸਿੰਘ ਸਾਹਨੀ ਹਾਜ਼ਰ ਸਨ।