ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ 5 ਅਪ੍ਰੈਲ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਡਾ. ਸ. ਸ. ਜੌਹਲ ਦੀ ਪ੍ਰਧਾਨਗੀ ਵਿਚ ਹੋਈ।

Punjabi Sahit Academy

ਲੁਧਿਆਣਾ (ਕੁਲਦੀਪ ਸਿੰਘ ਸਲੇਮਪੁਰੀ) : ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਡਾ. ਸ. ਸ. ਜੌਹਲ ਦੀ ਪ੍ਰਧਾਨਗੀ ਵਿਚ ਹੋਈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਵਲੋਂ ਮਈ 2018 ਤੋਂ ਦਸੰਬਰ 2019 ਤੱਕ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸ ਵਿਚ ਸਾਲ 2020-2021 ਦਾ 48,31,000/- ਰੁਪਏ ਦਾ ਬਜਟ ਪ੍ਰਵਾਨ ਕੀਤਾ ਗਿਆ ਅਤੇ 34 ਨਵੇਂ ਜੀਵਨ ਮੈਂਬਰਾਂ ਨੂੰ ਅਕਾਡਮੀ ਪਰਵਾਰ 'ਚ ਸ਼ਾਮਲ ਕੀਤਾ ਗਿਆ।

ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਅਕਾਡਮੀ ਦੀ ਰੈਫ਼ਰੈਂਸ ਲਾਇਬ੍ਰੇਰੀ ਤੇ ਖੋਜ ਕੇਂਦਰ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ ਦੇ ਨਾਮ 'ਤੇ ਲਾਇਬ੍ਰੇਰੀ 'ਚ ਇਕ ਵਿਸ਼ੇਸ਼ ਸੈਕਸ਼ਨ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ। ਫੈਸਲਾ ਕੀਤਾ ਗਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿਖੇ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਨੂੰ ਸਤਿਕਾਰ ਸਹਿਤ ਭੇਟਾ ਕਰ ਦਿੱਤੀਆਂ ਜਾਣ।

ਇਸ ਦੇ ਨਾਲ ਇਹ ਵੀ ਫੈਸਲਾ ਹੋਇਆ ਕਿ ਰੈਫ਼ਰੈਂਸ ਲਾਇਬ੍ਰੇਰੀ ਵਿਚ ਮੌਜੂਦ ਪੁਰਾਤਨ ਖਰੜਿਆਂ ਵਿਚੋਂ ਕੁਝ ਖਰੜੇ ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਰੈਫ਼ਰੈਂਸ ਲਾਇਬ੍ਰੇਰੀ ਨੂੰ ਸੌਂਪ ਦਿੱਤੇ ਜਾਣ ਤਾਂ ਕਿ ਇਨ੍ਹਾਂ ਦੇ ਰੱਖ ਰਖਾਉ ਦਾ ਵਾਜਬ ਪ੍ਰਬੰਧ ਹੋ ਸਕੇ। ਪੰਜਾਬੀ ਸਾਹਿਤ ਅਕਾਡਮੀ ਦੀਆਂ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ 05 ਅਪ੍ਰੈਲ 2020 ਨੂੰ ਪੰਜਾਬੀ ਭਵਨ ਵਿਚ ਹੋਣਗੀਆਂ ਜਿਸ ਵਿਚ ਇਕ ਪ੍ਰਧਾਨ, ਇਕ ਸੀਨੀਅਰ ਮੀਤ ਪ੍ਰਧਾਨ, ਇਕ ਜਨਰਲ ਸਕੱਤਰ, ਪੰਜ ਮੀਤ ਪ੍ਰਧਾਨ ਅਤੇ ਪੰਦਰਾਂ ਪ੍ਰਬੰਧਕੀ ਬੋਰਡ ਦੇ ਮੈਂਬਰ ਚੁਣੇ ਜਾਣਗੇ।

ਫ਼ੈਸਲਾ ਕੀਤਾ ਗਿਆ ਕਿ ਡਾ. ਕੁਲਦੀਪ ਸਿੰਘ ਮੁੱਖ ਚੋਣ ਅਧਿਕਾਰੀ ਹੋਣਗੇ ਅਤੇ ਹਕੀਕਤ ਸਿੰਘ ਮਾਂਗਟ ਉਨ੍ਹਾਂ ਨਾਲ ਸਹਾਇਕ ਚੋਣ ਅਧਿਕਾਰੀ ਵਜੋਂ ਸਾਥ ਦੇਣਗੇ। ਪ੍ਰਬੰਧਕੀ ਬੋਰਡ ਦੀ ਇਕੱਤਰਤਾ ਤੋਂ ਬਾਅਦ ਹੋਣ ਵਾਲਾ ਜਨਰਲ ਇਜਲਾਸ ਕੋਰਮ ਦੀ ਘਾਟ ਕਾਰਨ ਅੱਗੇ ਪਾ ਦਿੱਤਾ ਗਿਆ ਹੈ। ਇਹ ਇਜਲਾਸ ਹੁਣ 18 ਜਨਵਰੀ, 2020 ਨੂੰ, ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗਾ।

ਅਕਾਡਮੀ ਦੇ ਮੈਂਬਰਾਂ ਨੂੰ ਵੱਖਰੇ ਤੌਰ ਤੇ ਪੱਤਰ ਨਹੀਂ ਭੇਜੇ ਜਾਣਗੇ। ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਸਾਰੇ ਸਤਿਕਾਰਤ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਜਨਵਰੀ ਨੂੰ ਜਨਰਲ ਇਜਲਾਸ ਵਿਚ ਪਹੁੰਚਣ ਦੀ ਕਿਰਪਾਲਤਾ ਕਰਨ।  ਇਸੇ ਦਿਨ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਭਾਸ਼ਨ ਪ੍ਰੋ. ਅਰੁਣ ਕੁਮਾਰ ਦੇਣਗੇ ਅਤੇ ਡਾ. ਬਲਦੇਵ ਸਿੰਘ ਧਾਲੀਵਾਲ ਨੂੰ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। 

ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਵਿਚ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ  ਸੁਰਿੰਦਰ ਕੈਲੇ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਸਕੱਤਰ ਡਾ. ਗੁਰਇਕਬਾਲ ਸਿੰਘ,  ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਤਰ ਜੋਧਾ, ਪ੍ਰਬੰਧਥੀ ਬੋਰਡ ਦੇ ਮੈਂਬਰ  ਜਨਮੇਜਾ ਸਿੰਘ ਜੌਹਲ,  ਜਸਵੀਰ ਝੱਜ, ਭਗਵੰਤ ਰਸੂਲਪੁਰੀ, ਅਮਰਜੀਤ ਕੌਰ ਹਿਰਦੇ, ਸੁਖਦਰਸ਼ਨ ਗਰਗ ਅਤੇ ਗੁਲਜ਼ਾਰ ਸਿੰਘ ਸ਼ੌਂਕੀ ਸ਼ਾਮਲ ਸਨ।