ਪੰਜਾਬੀਆਂ ਦੇ ਮੁੱਦੇ ਚੁੱਕਣ ’ਚ ਰਵਨੀਤ ਬਿੱਟੂ ਅੱਗੇ, ਹਰਸਿਮਰਤ ਬਾਦਲ ਫਾਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ 13 ਲੋਕਸਭਾ ਹਲਕਿਆਂ ਤੋਂ 13 ਮੈਂਬਰਾਂ ਦੀ ਲੋਕਸਭਾ ਬੈਠਕਾਂ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਦੀ ਜਾਣਕਾਰੀ

Lok Sabha

ਚੰਡੀਗੜ੍ਹ : ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫ਼ਾਰਮਸ (ਏਡੀਆਰ) ਨੇ ਸੂਚੀ ਜਾਰੀ ਕਰਕੇ ਪੰਜਾਬ ਦੇ 13 ਲੋਕਸਭਾ ਹਲਕਿਆਂ ਤੋਂ 13 ਮੈਂਬਰਾਂ ਦੀ ਲੋਕਸਭਾ ਬੈਠਕ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਦੀ ਜਾਣਕਾਰੀ ਦਿਤੀ ਹੈ। ਇਸ ਸੂਚੀ ਵਿਚ ਪਹਿਲੇ ਨੰਬਰ ’ਤੇ ਸਭ ਤੋਂ ਵੱਧ ਮੁੱਦੇ ਲੋਕਸਭਾ ਵਿਚ ਉਠਾਉਣ ਵਾਲਾ ਪੰਜਾਬ ਦੇ ਲੁਧਿਆਣਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਹੈ, ਜਿੰਨ੍ਹਾਂ ਨੇ 486 ਮੁੱਦੇ ਲੋਕਸਭਾ ਵਿਚ ਚੁੱਕੇ।

ਦੂਜੇ ਨੰਬਰ ’ਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਜਿੰਨ੍ਹਾਂ ਨੇ 434 ਮੁੱਦੇ ਉਠਾਏ। ਤੀਜੇ ਨੰਬਰ ’ਤੇ ਫਿਰੋਜ਼ਪੁਰ ਸੀਟ ਤੋਂ ਲੋਕਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਜਿੰਨ੍ਹਾਂ ਨੇ 202 ਮੁੱਦੇ ਲੋਕਸਭਾ ਵਿਚ ਚੁੱਕੇ। ਦਸ ਦਈਏ ਕਿ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ (ਬ) ਦਾ ਸਾਥ ਛੱਡ ਕੇ ਕਾਂਗਰਸ ਦੇ ਖੇਮੇ ਵਿਚ ਸ਼ਾਮਲ ਹੋ ਚੁੱਕੇ ਹਨ।

ਚੌਥੇ ਸਥਾਨ ’ਤੇ ਜਲੰਧਰ ਹਲਕੇ ਤੋਂ ਕਾਂਗਰਸੀ ਦੇ ਲੋਕਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਹਨ, ਜਿੰਨ੍ਹਾਂ ਨੇ ਲੋਕਸਭਾ ਵਿਚ 74 ਮੁੱਦੇ ਚੁੱਕੇ। ਪੰਜਵੇਂ ਸਥਾਨ ’ਤੇ ਫ਼ਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਪ੍ਰੋਫ਼ੈਸਰ ਸਾਧੂ ਸਿੰਘ ਹਨ, ਜਿੰਨ੍ਹਾਂ ਨੇ ਲੋਕਸਭਾ ਵਿਚ 57 ਮੁੱਦੇ ਚੁੱਕੇ। ਛੇਵੇਂ ਸਥਾਨ ’ਤੇ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹਨ, ਜਿੰਨ੍ਹਾਂ ਨੇ ਲੋਕਸਭਾ ਵਿਚ 54 ਮੁੱਦੇ ਚੁੱਕੇ। ਸੱਤਵੇਂ ਸਥਾਨ ’ਤੇ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਲੋਕਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਹਨ, ਜਿੰਨ੍ਹਾਂ ਨੇ 43 ਮੁੱਦੇ ਚੁੱਕੇ।

ਅੱਠਵੇਂ ਸਥਾਨ ’ਤੇ ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਲੋਕਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਹਨ, ਜਿੰਨ੍ਹਾਂ ਨੇ 35 ਮੁੱਦੇ ਚੁੱਕੇ। ਨੌਵੇਂ ਨੰਬਰ ’ਤੇ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਹਨ, ਜਿੰਨ੍ਹਾਂ ਨੇ 30 ਮੁੱਦੇ ਚੁੱਕੇ। 10ਵੇਂ ਸਥਾਨ ’ਤੇ ਗੁਰਦਾਸਪੁਰ ਸੀਟ ਤੋਂ ਲੋਕਸਭਾ ਮੈਂਬਰ ਸੁਨੀਲ ਕੁਮਾਰ ਜਾਖੜ ਹਨ, ਜਿੰਨ੍ਹਾਂ ਨੇ 24 ਮੁੱਦੇ ਲੋਕਸਭਾ ਵਿਚ ਚੁੱਕੇ। ਗਿਆਰਵੇਂ ਸਥਾਨ ’ਤੇ ਪਟਿਆਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਡਾ. ਧਰਮਵੀਰ ਗਾਂਧੀ ਹਨ, ਜਿੰਨ੍ਹਾਂ ਨੇ 15 ਸਵਾਲ ਚੁੱਕੇ।

12ਵੇਂ ਸਥਾਨ ’ਤੇ ਹੁਸ਼ਿਆਰਪੁਰ ਹਲਕੇ ਤੋਂ ਭਾਜਪਾ ਦੇ ਲੋਕਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਹਨ, ਜਿੰਨ੍ਹਾਂ ਨੇ 1 ਸਵਾਲ ਲੋਕਸਭਾ ਵਿਚ ਚੁੱਕਿਆ। 13ਵੇਂ ਸਥਾਨ ਉਤੇ ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਨ, ਜਿੰਨ੍ਹਾਂ ਨੇ ਲੋਕਸਭਾ ਵਿਚ ਕੋਈ ਵੀ ਮੁੱਦਾ ਨਹੀਂ ਚੁੱਕਿਆ।