ਹਰਭਜਨ ਸਿੰਘ ਨੇ ਲੋਕਸਭਾ ਚੋਣ ਲੜਨ ਤੋਂ ਕੀਤੀ ਨਾਂਹ, ਖੇਡਣਗੇ IPL

ਏਜੰਸੀ

ਖ਼ਬਰਾਂ, ਖੇਡਾਂ

ਹਰਭਜਨ ਸਿੰਘ ਨੂੰ ਕਾਂਗਰਸ ਵੀ ਅਪਣੇ ਖੇਮੇ ਵਿਚ ਲੈਣ ਲਈ ਕਰ ਰਹੀ ਸੀ ਕੋਸ਼ਿਸ਼ਾਂ

Harbhajan Singh

ਜਲੰਧਰ : ਭਾਰਤ ਦੇ ਧੜੱਲੇਦਾਰ ਗੇਂਦਬਾਜ ਹਰਭਜਨ ਸਿੰਘ ਉਰਫ਼ ਭੱਜੀ ਲੋਕਸਭਾ ਚੋਣ ਨਹੀਂ ਲੜਨਗੇ। ਉਨ੍ਹਾਂ ਦੇ ਅੰਮ੍ਰਿਤਸਰ ਜਾਂ ਪੰਜਾਬ ਦੀ ਕਿਸੇ ਹੋਰ ਸੀਟ ਤੋਂ ਚੋਣ ਲੜਨ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਅਟਕਲਾਂ ਉਤੇ ਉਨ੍ਹਾਂ ਨੇ ਵਿਰਾਮ ਲਗਾ ਦਿਤਾ ਹੈ। ਭੱਜੀ ਨੂੰ ਭਾਜਪਾ ਅਤੇ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਵੀ ਅਪਣੇ ਖੇਮੇ ਵਿਚ ਸ਼ਾਮਿਲ ਕਰਨ ਦੇ ਜੁਗਾੜ ਵਿਚ ਲੱਗੀ ਸੀ। ਫ਼ਿਲਹਾਲ ਭੱਜੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਚੇਨੱਈ ਸੁਪਰ ਕਿੰਗਸ ਦੇ ਵਲੋਂ ਮੈਦਾਨ ਵਿਚ ਖੇਡਦੇ ਨਜ਼ਰ ਆਉਣਗੇ।

ਹਰਭਜਨ ਸਿੰਘ ਦੇ ਪਰਵਾਰਕ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਪਿਲ ਸ਼ਰਮਾ ਦੇ ਕਮੇਡੀ ਸ਼ੋਅ ਦਾ ਹਿੱਸਾ ਬਣਨ ਨੂੰ ਲੈ ਕੇ ਗਾਇਕੀ ਅਤੇ ਫ਼ਿਲਮਾਂ ਵਿਚ ਅਪਣਾ ਹੁਨਰ ਵਿਖਾਉਣ ਤੋਂ ਬਾਅਦ ਹਰਭਜਨ ਸਿੰਘ ਨੇ ਕੁਝ ਸਮਾਂ ਪਹਿਲਾਂ ਰਾਜਨੀਤੀ ਵਿਚ ਜਾਣ ਦਾ ਮਨ ਬਣਾ ਲਿਆ ਸੀ। ਉਨ੍ਹਾਂ ਨੇ ਇਸ ਸਿਲਸਿਲੇ ਵਿਚ ਕਾਂਗਰਸ ਅਤੇ ਭਾਜਪਾ ਦੇ ਕਈ ਨੇਤਾਵਾਂ ਨਾਲ ਗੱਲਬਾਤ ਵੀ ਕੀਤੀ ਸੀ।

ਭੱਜੀ ਦੇ ਕਰੀਬੀ ਇਕ ਕਾਂਗਰਸ ਨੇਤਾ ਨੇ ਉਨ੍ਹਾਂ ਦੀ ਮੁਲਾਕਾਤ ਕੁਝ ਸਮਾਂ ਪਹਿਲਾਂ ਕਾਂਗਰਸ ਦੇ ਇਕ ਦਿੱਗਜ ਨੇਤਾ ਦੇ ਨਾਲ ਵੀ ਤੈਅ ਕਰਵਾਈ ਸੀ ਪਰ ਭੱਜੀ ਮਿਲਣ ਨਹੀਂ ਗਏ ਸਨ। ਇਸ ਵਿਚ ਭਾਜਪਾ ਨੇ ਵੀ ਭੱਜੀ ਉਤੇ ਡੋਰੇ ਪਾਉਣੇ ਸ਼ੁਰੂ ਕਰ ਦਿਤੇ ਸਨ। ਭੱਜੀ ਨੇ ਤਿੰਨ ਹਫ਼ਤੇ ਪਹਿਲਾਂ ਭਾਜਪਾ ਵਲੋਂ ਚੋਣ ਲੜਨ ਦਾ ਮਨ ਬਣਾਇਆ ਸੀ। ਉਹ ਇਸ ਮਾਮਲੇ ਨੂੰ ਲੈ ਕੇ ਗੌਤਮ ਗੰਭੀਰ ਦੇ ਨਾਲ ਵੀ ਸੰਪਰਕ ਵਿਚ ਸਨ। ਹਰਭਜਨ ਸਿੰਘ  ਦਾ ਪਰਵਾਰ ਫ਼ਿਲਹਾਲ ਨਹੀਂ ਚਾਹੁੰਦਾ ਹੈ ਕਿ ਉਹ ਰਾਜਨੀਤੀ ਵਿਚ ਜਾਣ।

ਭਾਜਪਾ ਚਾਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਅੰਮ੍ਰਿਤਸਰ ਸੀਟ ਤੋਂ ਭਾਜਪਾ ਕਿਸੇ ਕ੍ਰਿਕੇਟਰ ਨੂੰ ਚੋਣ ਮੈਦਾਨ ਵਿਚ ਉਤਾਰੇ। ਇਹੀ ਵਜ੍ਹਾ ਸੀ ਕਿ ਭਾਜਪਾ ਭੱਜੀ ਉਤੇ ਡੋਰੇ ਪਾ ਰਹੀ ਸੀ। ਇਸ ਦਾ ਸ਼ੱਕ ਕਾਂਗਰਸ ਨੂੰ ਵੀ ਸੀ। ਕਾਂਗਰਸ ਨੇ ਪਹਿਲਾਂ ਤੋਂ ਹੀ ਭੱਜੀ ਨੂੰ ਲੈ ਕੇ ਦੋਆਬੇ ਦੇ ਇਕ ਸੀਨੀਅਰ ਕਾਂਗਰਸੀ ਦੀ ਡਿਊਟੀ ਲਗਾ ਦਿਤੀ ਸੀ ਕਿ ਜੇਕਰ ਭੱਜੀ ਰਾਜਨੀਤੀ ਵਿਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਂਗਰਸ ਤੋਂ ਚੋਣ ਲੜਨਾ ਚਾਹੀਦਾ ਹੈ।