ਪੰਜਾਬ ਪੁਲਿਸ ਵਲੋਂ ਬੱਬਰ ਖ਼ਾਲਸਾ ਦੇ 5 ਮੈਂਬਰ ਫੜਨ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਬੂ ਕੀਤੇ ਗਏ ਵਿਅਕਤੀਆਂ ਤੋਂ ਪਿਸਤੌਲ, ਚਾਰ ਕਾਰਤੂਸ ਤੇ ਬੱਬਰ ਖਾਲਸਾ ਦੇ ਲੈਟਰ ਪੈਡ ਬਰਾਮਦ

Punjab Police claims to arrest 5 members of Babbar Khalsa

ਚੰਡੀਗੜ੍ਹ: ਪੰਜਾਬ ਪੁਲਿਸ ਇੰਟੈਲੀਜੈਂਸ ਦੀ ਸਪੈਸ਼ਲ ਆਪਰੇਸ਼ਨ ਵਿੰਗ ਦੀ ਟੀਮ ਵਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਪਿਸਤੌਲ, ਚਾਰ ਕਾਰਤੂਸ ਤੇ ਬੱਬਰ ਖਾਲਸਾ ਦੇ ਲੈਟਰ ਪੈਡ ਬਰਾਮਦ ਕੀਤੇ ਗਏ ਹਨ।

ਪੁਲਿਸ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਲਈ ਜ਼ਿੰਮੇਵਾਰ ਕੁਝ ਹਿੰਦੂ ਲੀਡਰ ਤੇ ਡੇਰਾ ਸਿਰਸਾ ਦੇ ਮੈਂਬਰ ਇਨ੍ਹਾਂ ਦੇ ਨਿਸ਼ਾਨੇ 'ਤੇ ਸਨ। ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਯੂਰਪ 'ਚ ਮੌਜੂਦ ਕੁਝ ਲੋਕ ਸਪਰੋਟ ਕਰ ਰਹੇ ਸਨ। ਇਹ ਦਹਿਸ਼ਤੀ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ 'ਚ ਸਨ। ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਹਰਵਿੰਦਰ ਸਿੰਘ ਵਾਸੀ ਰੈਲੀ (ਪੰਚਕੁਲਾ), ਸੁਲਤਾਨ ਸਿੰਘ ਵਾਸੀ ਸੈਦਪੁਰਾ (ਕੁਰੂਕਸ਼ੇਤਰ),

ਕਰਮਜੀਤ ਸਿੰਘ ਵਾਸੀ ਰਾਓਕੇ ਕਲਾਂ (ਮੋਗਾ), ਲਵਪ੍ਰੀਤ ਸਿੰਘ ਵਾਸੀ ਬਾਲੀਆਂ (ਸੰਗਰੂਰ) ਤੇ ਗੁਰਪ੍ਰੀਤ ਸਿੰਘ ਵਾਸੀ ਸੈਕਟਰ 20-C, ਚੰਡੀਗੜ੍ਹ ਵਜੋਂ ਹੋਈ ਹੈ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਮਗਰੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।