ਅਪਣੇ 'ਤੇ ਲੱਗਿਆ ਦਾਗ਼ ਮਿਟਾਉਣ ਲਈ ਅਕਾਲੀ ਦਲ ਨੇ ਲਿਆ ਵੱਡਾ ਫ਼ੈਸਲਾ
ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਚਾਰੇ ਪਾਸੇ ਤੋਂ ਬੁਰੀ ਤਰ੍ਹਾਂ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸੜਕਾਂ 'ਤੇ ਉਤਰਨ...
ਮੁਹਾਲੀ : ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਚਾਰੇ ਪਾਸੇ ਤੋਂ ਬੁਰੀ ਤਰ੍ਹਾਂ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸੜਕਾਂ 'ਤੇ ਉਤਰਨ ਦਾ ਐਲਾਨ ਕੀਤਾ ਹੈ ਤਾਂ ਜੋ ਅਪਣੇ 'ਤੇ ਲੱਗੇ ਦਾਗ਼ ਨੂੰ ਮਿਟਾ ਸਕੇ। ਜਾਣਕਾਰੀ ਅਨੁਸਾਰ ਪਾਰਟੀ ਪਹਿਲੀ ਸਤੰਬਰ ਨੂੰ ਸੂਬੇ ਭਰ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਰੁਧ ਪ੍ਰਦਰਸ਼ਨ ਕਰੇਗੀ। ਅਕਾਲੀ ਦਲ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਦਾ ਨਾਮ ਬਦਮਾਨ ਕਰਨ ਲਈ ਉਨ੍ਹਾਂ ਵਿਰੁਧ ਵੱਡੀ ਸਾਜਿਸ਼ ਰਚੀ ਗਈ ਹੈ।
ਕਾਂਗਰਸ ਦੇ ਐਲਾਨ ਕਿ ਅਕਾਲੀ ਦਲ ਨੂੰ ਲੋਕ ਪਿੰਡਾਂ ਵਿਚ ਵੜਨ ਤਕ ਨਹੀਂ ਦੇਣਗੇ, ਦਾ ਜਵਾਬ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਅਪਣੇ ਵਿਰੋਧੀਆਂ ਦੀ ਹਰ ਸਾਜਿਸ਼ ਦਾ ਮੂੰਹਤੋੜ ਜਵਾਬ ਦਿਤਾ ਜਾਵੇਗਾ।ਸੁਖਬੀਰ ਬਾਦਲ ਨੇ ਆਖਿਆ ਕਿ ਪਾਰਟੀ ਸਾਰੀਆਂ 117 ਵਿਧਨਾ ਸਭਾ ਖੇਤਰਾਂ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰੇਗੀ। ਉਨ੍ਹਾਂ ਆਖਿਆ ਕਿ ਇਸ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੇ ਪੁਤਲੇ ਫੂਕੇ ਜਾਣਗੇ। ਇਸ ਦੇ ਨਾਲ ਹੀ ਆਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸੀਬੀਆਈ ਤੋਂ ਕੇਸਾਂ ਦੀ ਜਾਂਚ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਵੀ ਵਿਰੋਧ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪਾਰਟੀ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀਬੀਆਈ ਨੂੰ ਹੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨੀ ਚਾਹੀਦੀ ਹੈ। ਅਕਾਲੀ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਪਾਰਟੀ ਜਾਖੜ ਦਾ ਪਰਦਾਫਾਸ਼ ਕਰੇਗੀ, ਜਿਸ ਨੇ ਲੋਕਾਂ ਨੂੰ ਅਕਾਲੀ ਦਲ ਦੇ ਵਿਰੁਧ ਭੜਕਾਉਣਾ ਸ਼ੁਰੂ ਕੀਤਾ ਹੈ।
ਦਸ ਦਈਏ ਕਿ ਵਿਧਾਨ ਸਭਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਅਕਾਲੀ ਦਲ 'ਤੇ ਸਿੱਧੇ ਅਤੇ ਤਿੱਖੇ ਨਿਸ਼ਾਨੇ ਸਾਧੇ ਸਨ।
ਇਸ ਤੋਂ ਬਾਅਦ ਪੰਜਾਬ ਦੀ ਜਨਤਾ ਵਿਚ ਅਕਾਲੀ ਦਲ ਪ੍ਰਤੀ ਪੰਜਾਬ ਦੀ ਜਨਤਾ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ। ਸਾਰੇ ਵਿਰੋਧੀ ਨੇਤਾਵਾਂ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬੇਅਦਬੀ ਦਾ ਸਿੱਧੇ ਤੌਰ 'ਤੇ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਸੀ।