ਕੈਨੇਡਾ 'ਚ ਸੱਭ ਤੋਂ ਘੱਟ ਉਮਰ ਦਾ ਵਿਧਾਇਕ ਬਣਿਆ ਪੰਜਾਬੀ ਨੌਜੁਆਨ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕੈਲਗਰੀ ਦੀ ਨਾਰਥ ਈਸਟ ਅਸੈਂਬਲੀ ਤੋਂ ਜਿੱਤੀ ਚੋਣ, ਫ਼ਰੀਦਕੋਟ ਨਾਲ ਸਬੰਧਤ ਹੈ ਗੁਰਵਿੰਦਰ ਸਿੰਘ ਬਰਾੜ 

Gurvinder Singh Brar


ਫ਼ਰੀਦਕੋਟ : ਪੰਜਾਬ ਦਾ ਇਕ ਗੱਬਰੂ ਕੈਨੇਡਾ ਵਿਚ ਵਿਧਾਇਕ ਬਣ ਗਿਆ ਹੈ ਅਤੇ ਉਹ ਦੇਸ਼ ਦਾ ਸਭ ਤੋਂ ਨੌਜਵਾਨ ਵਿਧਾਇਕ ਹੋਵੇਗਾ। ਫ਼ਰੀਦਕੋਟ ਸ਼ਹਿਰ ਦੇ ਗ੍ਰੀਨ ਐਵੀਨਿਊ ਦੇ ਵਸਨੀਕ ਗੁਰਵਿੰਦਰ ਸਿੰਘ ਬਰਾੜ ਉਰਫ਼ ਟੀਟੂ ਨੇ ਕੈਲਗਰੀ ਦੀ ਨਾਰਥ ਈਸਟ ਅਸੈਂਬਲੀ ਤੋਂ ਚੋਣ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਚੋਣਾਂ ਦਾ ਨਤੀਜਾ 29 ਮਈ ਨੂੰ ਹੀ ਆ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪ੍ਰਵਾਰ 'ਚ ਜਸ਼ਨ ਦਾ ਮਾਹੌਲ ਹੈ।

ਇਹ ਵੀ ਪੜ੍ਹੋ: ਲੱਖਾਂ ਰੁਪਏ ਦੀ ਨੌਕਰੀ ਛੱਡ ਕੇ ਕਿਸਾਨ ਦੇ ਪੁੱਤ ਨੇ ਚੁਣਿਆ ਖੇਤੀ ਦਾ ਰਾਹ

ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਟੀਟੂ ਦੀ ਜਿੱਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਾਠ ਕਰਵਾਇਆ ਅਤੇ ਲੰਗਰ ਦੇ ਨਾਲ -ਨਾਲ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਟੀਟੂ ਦੇ ਦਾਦਾ ਗੁਰਬਚਨ ਸਿੰਘ ਬਰਾੜ ਨੇ ਦਸਿਆ ਕਿ ਇਹ ਉਨ੍ਹਾਂ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਪੋਤਰੇ ਨੇ ਇਕ ਵੱਡੀ ਪ੍ਰਾਪਤੀ ਹਾਸਲ ਕਰ ਕੇ ਅਪਣੇ ਪ੍ਰਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦਸਿਆ ਕਿ ਬਾਕੀ ਪ੍ਰਵਾਰ ਅਜੇ ਕੈਨੇਡਾ ਵਿਚ ਹੈ,ਜਦੋਂ ਉਹ ਭਾਰਤ ਆਵੇਗਾ ਤਾਂ ਜਿੱਤ ਦਾ ਵੱਡਾ ਜਸ਼ਨ ਮਨਾਇਆ ਜਾਵੇਗਾ।

ਇਲਾਕੇ ਦੇ ਐਮ.ਸੀ ਗੁਰਤੇਜ ਸਿੰਘ ਪਹਿਲਵਾਨ ਨੇ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਇਲਾਕੇ ਦਾ ਨੌਜੁਆਨ ਕੈਨੇਡਾ ਵਿਚ ਐਮ.ਐਲ.ਏ. ਬਣਿਆ ਹੈ ਅਤੇ ਉਨ੍ਹਾਂ ਨੇ ਸੱਭ ਤੋਂ ਘੱਟ ਉਮਰ ਦੇ ਵਿਧਾਇਕ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦਸਿਆ ਕਿ ਉਸ ਦੇ ਦੋਸਤ ਫ਼ਰੀਦਕੋਟ ਤੋਂ ਕੈਨੇਡਾ ਤਕ ਜਸ਼ਨ ਮਨਾ ਰਹੇ ਹਨ। ਭਾਵੇਂ ਪੰਜਾਬ ਦੇ ਹੋਰਨਾਂ ਹਿੱਸਿਆਂ ਤੋਂ ਕੈਨੇਡਾ ਵਿਚ ਕਈ ਵਿਧਾਇਕ ਅਤੇ ਸੰਸਦ ਮੈਂਬਰ ਬਣੇ ਹਨ ਪਰ ਫ਼ਰੀਦਕੋਟ ਤੋਂ ਟੀਟੂ ਕੈਨੇਡਾ ਵਿਚ ਚੋਣ ਜਿੱਤਣ ਵਾਲੇ ਪਹਿਲੇ ਵਿਅਕਤੀ ਹਨ।