ਅਮਰੀਕਾ ‘ਚ ਨਹੀਂ ਰਹਿ ਸਕਣਗੇ ਲੱਖਾਂ ਭਾਰਤੀ ਵਿਦਿਆਰਥੀ, ਇਸ ਫੈਸਲੇ ਨਾਲ ਲੱਗ ਸਕਦਾ ਵੱਡਾ ਝਟਕਾ!
ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਅਮਰੀਕਾ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਅਮਰੀਕਾ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸੋਮਵਾਰ ਨੂੰ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਅਜਿਹੇ ਵਿਦਿਆਰਥੀਆਂ ਦਾ ਵੀਜ਼ਾ ਵਾਪਸ ਲਿਆ ਜਾਵੇਗਾ, ਜਿਨ੍ਹਾਂ ਦੀਆਂ ਕਲਾਸਾਂ ਸਿਰਫ ਆਨਲਾਈਨ ਮਾਡਲ ‘ਤੇ ਹੋ ਰਹੀਆਂ ਹਨ।
ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਡਿਪਾਰਟਮੈਂਟ ਵੱਲੋਂ ਇਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹਨਾਂ ਨਾਨਇਮੀਗ੍ਰੇਂਟ F-1 ਅਤੇ M-1 ਵਿਦਿਆਰਥੀਆਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ, ਜਿਨ੍ਹਾਂ ਦੀਆਂ ਸਿਰਫ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ। ਵਿਭਾਗ ਅਨੁਸਾਰ ਅਜਿਹੇ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਜਾਂ ਫਿਰ ਜੇਕਰ ਉਹ ਹਾਲੇ ਅਮਰੀਕਾ ਵਿਚ ਰਹਿ ਰਹੇ ਹਨ ਤਾਂ ਉਹਨਾਂ ਨੂੰ ਅਮਰੀਕਾ ਛੱਡ ਕੇ ਅਪਣੇ ਦੇਸ਼ ਜਾਣਾ ਹੋਵੇਗਾ।
ਉਹਨਾਂ ਨੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਸ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ। ਆਈਸੀਈ ਨੇ ਰਾਜਾਂ ਦੇ ਵਿਭਾਗਾਂ ਨੂੰ ਕਿਹਾ ਕਿ ਅਜਿਹੇ ਵਿਦਿਆਰਥੀ, ਜਿਨ੍ਹਾਂ ਦੀਆਂ ਕਲਾਸਾਂ ਪੂਰੀ ਤਰ੍ਹਾਂ ਨਾਲ ਆਨਲਾਈਨ ਚੱਲ ਰਹੀਆਂ ਹਨ, ਉਹਨਾਂ ਨੂੰ ਅਗਲੇ ਸਮੈਸਟਰ ਲਈ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਅਜਿਹੇ ਵਿਦਿਆਰਥੀਆਂ ਨੂੰ ਰਾਜਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਦੱਸ ਦਈਏ ਕਿ ਆਈਸੀਈ ਅਨੁਸਾਰ F-1 ਦੇ ਵਿਦਿਆਰਥੀ ਅਕਾਦਮਿਕ ਕੋਰਸ ਵਰਕ ਵਿਚ ਹਿੱਸਾ ਲੈਂਸੇ ਹਨ ਜਦਕਿ M-1 ਵਿਦਿਆਰਥੀ ‘ਵੋਕੇਸ਼ਨਲ ਕੋਰਸ ਵਰਕ’ ਦੇ ਵਿਦਿਆਰਥੀ ਹੁੰਦੇ ਹਨ।ਹਾਲਾਂਕਿ ਅਮਰੀਕਾ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਨੇ ਹੁਣ ਤੱਕ ਅਗਲੇ ਸਮੈਸਟਰ ਲਈ ਯੋਜਨਾ ਬਾਰੇ ਨਹੀਂ ਦੱਸਿਆ ਹੈ। ਜ਼ਿਆਦਾਤਰ ਕਾਲਜਾਂ ਲਈ ਹਾਈਬ੍ਰਿਡ ਮਾਡਲ ਦਾ ਐਲਾਨ ਕੀਤਾ ਸੀ ਪਰ ਕੁਝ ਵੱਡੀਆਂ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਆਨਲਾਈਨ ਕਲਾਸਾਂ ਦਾ ਇੰਤਜ਼ਾਮ ਕੀਤਾ ਸੀ।
ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ (IIE) ਅਨੁਸਾਰ ਸੰਯੁਕਤ ਰਾਜ ਵਿਚ 2018-2019 ਵਿੱਦਿਅਕ ਵਰ੍ਹੇ ਲਈ 10 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਚੀਨ, ਭਾਰਤ, ਦੱਖਣੀ ਕੋਰੀਆ, ਸਾਊਦੀ ਅਰਬ ਅਤੇ ਕੈਨੇਡਾ ਆਦਿ ਦੇਸ਼ ਸ਼ਾਮਲ ਹਨ।