ਭਾਰਤ-ਅਮਰੀਕਾ ਸੰਬੰਧ ਮੌਜੂਦਾ ਯੁੱਗ 'ਚ 'ਸਭ ਤੋਂ ਬਦਲਾਵਵਾਦੀ' ਹਨ : ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸੰਧੂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਹਿੱਸੇਦਾਰੀ ਕਾਫੀ ਵਧੀ ਹੈ।

Photo

ਵਾਸ਼ਿੰਗਟਨ: ਅਮਰੀਕਾ ਵਿਚ ਭਾਰਤ ਦੇ ਸੀਨੀਅਰ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੁਨੀਆ ਦੇ 2 ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਅਤੇ ਅਮਰੀਕਾ ਦੇ ਵਿਚ ਸੰਬੰਧਾਂ ਨੂੰ ਮੌਜੂਦਾ ਯੁੱਗ ਵਿਚ ਸਭ ਤੋਂ ਜ਼ਿਆਦਾ ਤਬਦੀਲੀ ਵਾਲੇ ਰਿਸ਼ਤੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਸੰਧੂ ਨੇ 'ਯੂ.ਐੱਸ. ਇੰਡੀਆ ਬਿਜ਼ਨੈੱਸ ਕੌਂਸਲ' (ਯੂ.ਐੱਸ.ਆਈ.ਬੀ.ਸੀ.) ਵਲੋਂ ਵੀਰਵਾਰ ਨੂੰ ਅਪਣੇ ਸਨਮਾਨ ਵਿਚ ਆਯੋਜਿਤ ਸਵਾਗਤ ਸਮਾਰੋਹ ਵਿਚ ਕਿਹਾ,''ਅੱਜ ਅਮਰੀਕਾ-ਭਾਰਤ ਸੰਬੰਧਾਂ ਨੂੰ ਸਾਡੇ ਦੌਰ ਦੇ ਸਭ ਤੋਂ ਤਬਦੀਲੀ ਵਾਲੇ ਰਿਸ਼ਤੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।'' ਉਹਨਾਂ ਨੇ ਕਿਹਾ,''ਇਸ ਰਿਸ਼ਤੇ ਨੂੰ ਅਮਰੀਕਾ ਵਿਚ ਦੋਹਾਂ ਦਲਾਂ ਦਾ ਮਜ਼ਬੂਤ ਸਮਰਥਨ ਹਾਸਲ ਹੈ। ਇਹ ਲੋਕਤੰਤਰ ਅਤੇ ਬਹੁਲਵਾਦ ਦੇ ਪ੍ਰਤੀ ਸਾਡੇ ਸਾਂਝੇ ਮੁੱਲਾਂ ਦੇ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਹੈ।''

ਸੰਧੂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਹਿੱਸੇਦਾਰੀ ਕਾਫੀ ਵਧੀ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 2024 ਤਕ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਅਭਿਲਾਸ਼ੀ ਟੀਚਾ ਤੈਅ ਕੀਤਾ ਹੈ ਅਤੇ ਇਸ ਕੰਮ ਵਿਚ ਅਮਰੀਕਾ ਇਕ ਤਰਜੀਹੀ ਸਹਿਯੋਗੀ ਹੈ।

ਉਹਨਾਂ ਨੇ ਕਿਹਾ,''2000 ਤੋਂ ਵੱਧ ਅਮਰੀਕੀ ਕੰਪਨੀਆਂ ਭਾਰਤ ਵਿਚ ਮੌਜੂਦ ਹਨ। ਉੱਥੇ 200 ਤੋਂ ਵੱਧ ਭਾਰਤੀ ਕੰਪਨੀਆਂ ਨੇ ਅਮਰੀਕਾ ਵਿਚ 18 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ 1 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ।'' ਸੰਧੂ ਨੇ ਕਿਹਾ ਕਿ ਯੂ.ਐੱਸ.ਆਈ.ਬੀ.ਸੀ. ਅਪਣੀ ਪ੍ਰਧਾਨ ਨਿਸ਼ਾ ਦੇਸਾਈ ਬਿਸਵਾਲ ਦੀ ਅਗਵਾਈ ਵਿਚ ਭਾਰਤ-ਅਮਰੀਕਾ ਨੀਤੀ ਖੇਤਰ ਵਿਚ ਪ੍ਰਮੁੱਖ ਸ਼ਕਤੀ ਬਣ ਗਿਆ ਹੈ।

ਉਹਨਾਂ ਨੇ ਕਿਹਾ,''ਬਿਸਵਾਲ ਭਾਰਤ ਦੀ ਕਰੀਬੀ ਦੋਸਤ ਅਤੇ ਸੱਚੀ ਹਿੱਸੇਦਾਰ ਹੈ ਜਿਹਨਾਂ ਦੇ ਨਾਲ ਮੈਨੂੰ ਨੇੜਤਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।'' ਇਸ ਵਿਚ ਬਿਸਵਾਲ ਨੇ ਕਿਹਾ ਕਿ ਸੰਧੂ ਅਮਰੀਕਾ-ਭਾਰਤ ਸੰਬੰਧ ਦਾ ਹਿੱਸਾ ਬਣ ਗਏ ਹਨ। ਸੰਧੂ ਦਾ ਭਾਰਤੀ ਰਾਜਦੂਤ ਦੇ ਤੌਰ 'ਤੇ ਅਮਰੀਕਾ ਵਿਚ ਇਹ ਚੌਥਾ ਕਾਰਜਕਾਲ ਹੈ। ਉਹ ਦੋ ਵਾਰ ਵਾਸ਼ਿੰਗਟਨ ਡੀ.ਸੀ. ਵਿਚ ਅਤੇ ਇਕ ਵਾਰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਰਹਿ ਚੁੱਕੇ ਹਨ।