ਵਿਦੇਸ਼ਾਂ 'ਚ ਪੁੱਜੀ ਕਿਸਾਨੀ ਸੰਘਰਸ਼ ਦੀ ਗੂੰਜ, ਕੈਨੇਡਾ, ਇਟਲੀ, ਅਮਰੀਕਾ, ਫਰਾਂਸ ਵਿਚ ਹੋ ਰਹੇ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬੀ ਪਰਵਾਸੀਆਂ ਵੱਲ਼ੋਂ ਕੀਤੀ ਜਾ ਰਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ

Punjabi NRIs protest farm laws

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦੀ ਆਵਾਜ਼ ਵਿਦੇਸ਼ਾਂ ਵਿਚ ਵੀ ਜਾ ਪਹੁੰਚੀ ਹੈ। ਕਿਸਾਨ ਭਰਾਵਾਂ ਨੂੰ ਸਮਰਥਨ ਦੇਣ ਲਈ ਕੈਨੇਡਾ, ਇਟਲੀ, ਯੂਐਸਏ, ਯੂਕੇ ਅਤੇ ਫਰਾਂਸ ਵਿਚ ਪੰਜਾਬੀਆਂ ਵੱਲੋਂ ਭਾਰਤੀ ਕਿਸਾਨਾਂ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਭਾਰਤ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਹਾਲ ਹੀ ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿਚ ਸਰੀ ਦੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਸਰੀ ਸ਼ਹਿਰ ਦੇ ਹੋਲੈਂਡ ਪਾਰਕ ਤੱਕ 'ਕਿਸਾਨ ਮਾਰਚ' ਕੱਢਿਆ ਗਿਆ। ਪੰਜਾਬੀ ਭਾਈਚਾਰੇ ਨਾਲ ਸਬੰਧਤ ਐਨਆਰਆਈਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ 'ਕੋਵੀਡ -19 ਮਹਾਂਮਾਰੀ ਸੰਕਟ ਦੌਰਾਨ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ' ਦੀ ਸਖਤ ਨਿਖੇਧੀ ਕੀਤੀ।

ਇਸੇ ਤਰ੍ਹਾਂ ਟੋਰਾਂਟੋ ਵਿਚ ਵੀ 11 ਅਕਤੂਬਰ ਨੂੰ ਇਕ ਪ੍ਰਦਰਸ਼ਨ ਰੈਲੀ ਦਾ ਅਯੋਜਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੋਟਰਸਾਈਕਲਾਂ, ਕਾਰਾਂ ਅਤੇ ਟਰੱਕਾਂ 'ਤੇ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਤਖ਼ਤੀਆਂ ਅਤੇ ਝੰਡੇ ਫੜੇ ਹੋਏ ਸਨ। ਇਹ ਰੈਲੀ ਗੁਰੂਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ ਤੋਂ ਸ਼ੁਰੂ ਹੋਈ ਅਤੇ ਮਿਸੀਸਾਗਾ ਵਿਖੇ ਓਨਟਾਰੀਓ ਖਾਲਸਾ ਦਰਬਾਰ ਤੋਂ ਹੁੰਦੀ ਹੋਈ ਟੋਰਾਂਟੋ ਵਿਖੇ ਸਿੱਖ ਆਤਮਕ ਕੇਂਦਰ ਵਿਖੇ ਸਮਾਪਤ ਹੋਈ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ “ਅਪਣੇ ਅਧਿਕਾਰਾਂ, ਸਤਿਕਾਰ ਅਤੇ ਆਜ਼ਾਦੀ ਦੀ ਲੜਾਈ ਲੜ ਰਹੇ ਹਨ”। ਪ੍ਰਦਰਸ਼ਨਕਾਰੀਆਂ ਵੱਲ਼ੋਂ ਜਲਦ ਤੋਂ ਜਲਦ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਫਰਾਂਸ ਵਿਚ ਪਰਵਾਸੀ ਭਾਰਤੀਆਂ ਨੇ ‘ਕਿਸਾਨ ਬਚਾਓ-ਪੰਜਾਬ ਬਚਾਓ’ ਦੇ ਨਾਅਰੇ ਲਗਾਏ ਅਤੇ ਖੇਤ ਕਾਨੂੰਨਪਾਸ ਕਰਨ ਨੂੰ ਲੈ ਕੇ ਐਨਡੀਏ ਸਰਕਾਰ ‘ਤੇ ਸਵਾਲ ਚੁੱਕੇ। ਪ੍ਰਦਰਸ਼ਨਕਾਰੀਆਂ ਨੇ ਅਪਣੇ ਹੱਥਾਂ ਵਿਚ ਬੈਨਰ ਫੜੇ ਹੋਏ ਸੀ, ਜਿਨ੍ਹਾਂ ਉੱਤੇ 'ਮੈਂ ਵਿਰੋਧ ਕਰਦਾ ਹਾਂ, ਇਸ ਕਾਲੇ ਕਾਨੂੰਨ ਦਾ' ਲਿਖਿਆ ਹੋਇਆ ਸੀ।

4 ਅਕਤੂਬਰ ਨੂੰ ਕੈਲੀਫੋਰਨੀਆ ਵਿਚ ਪੰਜਾਬੀਆਂ ਨੇ ਸੈਨ ਫ੍ਰਾਂਸਿਸਕੋ ਵਿਚ ਭਾਰਤੀ ਕੌਂਸਲੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਟਲੀ ਦੇ ਮਿਲਾਨ ਵਿਚ ਪੰਜਾਬੀਆਂ ਨੇ ਸੁਖਚੈਨ ਸਿੰਘ ਮਾਨ ਦੀ ਅਗਵਾਈ ਵਿਚ ਇਕ ਰੋਸ ਮਾਰਚ ਕੱਢਿਆ, ਜਿਥੇ ਉਹਨਾਂ ਐਲਾਨ ਕੀਤਾ ਕਿ ਜੇ ਖੇਤ ਕਾਨੂੰਨਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ।

ਕੁਝ ਦਿਨ ਪਹਿਲਾਂ ਪੱਛਮੀ ਲੰਡਨ ਵਿਚ ਵੀ “ਕਿਸਾਨੀ ਰੈਲੀ” ਕੀਤੀ ਗਈ। ਕੈਨੇਡਾ ਦੇ ਵੈਨਕੂਵਰ ਤੋਂ ਰਾਜਵਿੰਦਰ ਸਿੰਘ ਨੇ ਕਿਹਾ, “ਮੈਂ ਲਗਭਗ ਪੰਜ ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਪੰਜਾਬ ਵਿਚ ਮੇਰੀ ਖੇਤੀਬਾੜੀ ਲਈ ਜ਼ਮੀਨ ਹੈ। ਮੈਨੂੰ ਲੱਗਦਾ ਹੈ ਕਿ ਇਹ ਸੁਧਾਰ ਬਿੱਲ ਛੋਟੇ ਕਿਸਾਨਾਂ ਨੂੰ ਕੁਚਲਣ ਲਈ ਪਾਸ ਕੀਤੇ ਗਏ ਹਨ, ਇਸ ਲਈ ਸਾਰਿਆਂ ਨੂੰ ਬਾਹਰ ਆਉਣ ਅਤੇ ਪੰਜਾਬੀ ਕਿਸਾਨਾਂ ਦਾ ਸਮਰਥਨ ਕਰਨ ਦੀ ਲੋੜ ਹੈ ”। ਕੈਲਗਰੀ ਦੇ ਭਜਨ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਉਹਨਾਂ ਛੋਟੇ ਅਤੇ ਸੀਮਾਂਤ ਕਿਸਾਨਾਂ 'ਤੇ ਸਿੱਧਾ ਹਮਲਾ ਹਨ, ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ।