ਸੀ.ਬੀ.ਆਈ. ਵਲੋਂ ਸੌਦਾ ਸਾਧ ਦੇ ਚੇਲਿਆਂ ਨੂੰ ਕਲੀਨ ਚਿੱਟ ਦੇਣ ਕਾਰਨ ਸਿੱਖ ਜਥੇਬੰਦੀਆਂ ਵਿਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਕ ਰੋਸ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਸਰਕਾਰ ਨੂੰ ਭੇਜਿਆ

Sikh organizations give memorandum Deputy Commissioner

ਸੰਗਰੂਰ : ਬੀਤੇ ਦਿਨੀਂ ਸੀ.ਬੀ.ਆਈ ਵਲੋਂ ਬੇਅਦਬੀ ਕਾਂਡ 'ਚ ਸੌਦਾ ਸਾਧ ਦੇ ਚੇਲਿਆਂ ਨੂੰ ਮੋਦੀ ਦੇ ਦਬਾਅ ਹੇਠ ਕਲੀਨਚਿੱਟ ਦੇਣ ਵਿਰੁਧ ਨਾਨਕ ਨਾਮ ਲੇਵਾ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਰੋਸ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਨੂੰ ਅੱਗ ਨਾਲ ਨਾ ਖੇਡਣ ਦੀ ਚਿਤਾਵਨੀ ਦੇਣ ਲਈ ਇਕ ਰੋਸ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਗ੍ਰਹਿ ਮੰਤਰੀ ਭਾਰਤ ਸਰਕਾਰ ਨੂੰ ਭੇਜਿਆ ਗਿਆ।

ਉਨ੍ਹਾਂ ਕਿਹਾ ਕਿ ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ ਹਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸੱਭ ਤੋਂ ਉਪਰ ਹੈ। 1 ਜੂਨ 2015 ਤੋਂ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਦੀ ਬੇਅਦਬੀਆਂ ਦੀਆਂ ਨਿਰੰਤਰ ਘਟਨਾਵਾਂ ਵਾਪਰੀਆਂ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਕੇ, ਉਨ੍ਹਾਂ ਦੇ ਅੰਗਾਂ ਦਾ ਕਤਲੇਆਮ ਕਰਨ ਉਪਰੰਤ ਬਰਗਾੜੀ ਦੀਆਂ ਗਲੀਆਂ-ਨਾਲੀਆਂ 'ਚ ਰੋਲਿਆ ਗਿਆ। ਸਿੱਖ ਪੰਥ ਦੇ ਰੋਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਇਸ ਕਾਂਡ ਦੀ ਜਾਂਚ ਸੀ.ਬੀ.ਆਈ ਨੂੰ ਦੇ ਦਿਤੀ। ਸੀ.ਬੀ.ਆਈ ਨੇ ਡੇਰਾ ਸਿਰਸਾ ਦੇ ਤਿੰਨ ਪ੍ਰੇਮੀਆਂ ਨੂੰ ਦੋਸ਼ੀ ਪਾਇਆ।

ਪ੍ਰੰਤੂ ਹੁਣ ਹਰਿਆਣਾ ਦੀਆਂ ਚੋਣਾਂ ਕਾਰਨ ਸੌਦਾ ਸਾਧ ਦੀਆਂ ਵੋਟਾਂ ਲਈ ਸੀ.ਬੀ.ਆਈ ਨੇ ਡੇਰਾ ਸਿਰਸਾ ਦੇ ਦੋਸ਼ੀ ਪ੍ਰੇਮੀਆਂ ਨੂੰ ਕਲੀਨਚਿਟ ਦੇ ਕੇ ਸੀ ਬੀ ਆਈ ਅਦਾਲਤ ਨੂੰ ਕੇਸ ਬੰਦ ਕਰਨ ਦੀ ਬੇਨਤੀ ਕੀਤੀ ਹੈ। ਸਰਕਾਰ ਤੇ ਸੀ ਬੀ ਆਈ ਦੀ ਇਸ ਕਾਰਵਾਈ ਨੇ ਸਿੱਖ ਸੰਗਤਾਂ ਦੇ ਹਿਰਦੇ ਇਕ ਵਾਰ ਫਿਰ ਵਲੂੰਧਰ ਦਿਤੇ ਹਨ। ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨਸਾਫ਼ ਦੀ ਰਾਖੀ ਲਈ, ਸਿੱਖਾਂ ਨੂੰ ਬੇਅਦਬੀ ਕਾਂਡ ਦਾ ਇਨਸਾਫ਼ ਦੇਣ ਲਈ ਤੁਸੀਂ ਵਿਜੀਲੈਂਸ ਨੂੰ ਕਲੀਨਚਿਟ ਵਾਪਸ ਲੈਣ ਦੇ ਹੁਕਮ ਜਾਰੀ ਕਰੋਗੇ। ਜੇ ਡੇਰਾ ਸਿਰਸਾ ਨੂੰ ਦਿਤੀ ਕਲੀਨਚਿਟ ਵਾਪਸ ਨਾ ਲਈ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। 

ਇਸ ਮੌਕੇ ਗ੍ਰੰਥੀ ਰਾਗੀ ਸਭਾ ਸੰਗਰੂਰ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ, ਬਾਬਾ ਬੁੱਢਾ ਜੀ ਇੰਟਨੈਸ਼ਨਲ ਗੁਰਮਿਤ ਗ੍ਰੰਥੀ ਸਭਾ ਦੇ ਮੀਤ ਪ੍ਰਧਾਨ ਭਾਈ ਦਰਸ਼ਨ ਸਿੰਘ ਕੋਹਰੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਪੀ.ਏ.ਸੀ ਜਥੇਦਾਰ ਬਹਾਦਰ ਸਿੰਘ ਭਸੋੜ ਤੇ ਭਾਈ ਸੱਤਪਾਲ ਸਿੰਘ, ਦਮਦਮੀ ਟਕਸਾਲ ਕਣਕਵਾਲ ਭੰਗੂਆਂ ਦੇ ਆਗੂ ਭਾਈ ਅਮਰਜੀਤ ਸਿੰਘ ਮਰਿਆਦਾ ਆਦਿ ਸ਼ਾਮਲ ਸਨ।