ਜੰਗ ਅਤੇ ਹਿੰਸਾ ਕਾਰਨ 7.1 ਕਰੋੜ ਲੋਕਾਂ ਨੇ ਪਲਾਇਨ ਕੀਤਾ : ਯੂਐਨ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸੀਰੀਆ 'ਚ ਜੰਗ ਦੇ ਚੱਲਦਿਆਂ ਲਗਭਗ 1.3 ਕਰੋੜ ਲੋਕਾਂ ਨੇ ਪਲਾਇਨ ਕੀਤਾ

Nearly 71 Million People Forcibly Displaced Worldwide In 2018, U.N. Report Says

ਵਾਸ਼ਿੰਗਟਨ : ਦੁਨੀਆ ਭਰ 'ਚ ਹਿੰਸਾ, ਜੰਗ ਅਤੇ ਸੋਸ਼ਣ ਕਾਰਨ ਲਗਭਗ 7.1 ਕਰੋੜ ਲੋਕ ਆਪਣੇ ਘਰ ਛੱਡ ਕੇ ਦੂਜੀਆਂ ਥਾਵਾਂ 'ਤੇ ਚਲੇ ਗਏ ਹਨ। ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੀ ਇਕ ਰਿਪੋਰਟ 'ਚ ਹੋਇਆ ਹੈ। 

ਸਾਲਾਨਾ 'ਗਲੋਬਲ ਟਰੈਂਡਜ਼' ਦੀ ਰਿਪੋਰਟ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ ਨੇ ਜਾਰੀ ਕੀਤੀ ਹੈ। ਇਸ 'ਚ ਸਾਲ 2018 ਦੇ ਅੰਤ ਤਕ ਦੁਨੀਆਂ ਭਰ ਦੇ ਸ਼ਰਨਾਰਥੀਆਂ ਅਤੇ ਪਲਾਇਨ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਕੀਤੀ ਗਈ ਹੈ। ਵੀਰਵਾਰ ਨੂੰ ਵਿਸ਼ਵ ਪ੍ਰਵਾਸੀ ਦਿਵਸ ਮੌਕੇ ਇਨ੍ਹਾਂ 'ਤੇ ਕੌਮਾਂਤਰੀ ਕਾਨੂੰਨ, ਮਨੁੱਖੀ ਅਧਿਕਾਰ ਅਤੇ ਘਰੇਲੂ ਰਾਜਨੀਤੀ 'ਚ ਬਹਿਸ ਹੋ ਸਕਦੀ ਹੈ। ਖ਼ਾਸ ਤੌਰ 'ਤੇ ਅਮਰੀਕਾ ਜਿਹੇ ਦੇਸ਼ਾਂ 'ਚ ਜਿੱਥੇ ਪ੍ਰਵਾਸੀਆਂ ਵਿਰੁੱਧ ਇਕ ਅੰਦੋਲਨ ਚੱਲ ਰਿਹਾ ਹੈ।

ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਪ੍ਰਵਾਸੀ ਜਿਸ ਦੇਸ਼ 'ਚ ਜਾਂਦੇ ਹਨ, ਉੱਥੇ ਵੀ ਉਨ੍ਹਾਂ ਨੂੰ ਨੌਕਰੀ ਅਤੇ ਸੁਰੱਖਿਆ ਨੂੰ ਲੈ ਕੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰਿਪੋਰਟ 'ਚ ਲੋਕਾਂ ਦੀਆਂ ਕਹਾਣੀਆਂ 'ਤੇ ਵੀ ਚਾਨਣਾ ਪਾਇਆ ਗਿਆ ਹੈ ਕਿ ਕਿਵੇਂ ਉਹ ਜਿਊਣ ਲਈ ਸੰਘਰਸ਼ ਕਰਦੇ ਹਨ ਅਤੇ ਨਦੀਆਂ, ਰੇਗਿਸਤਾਨ, ਸਮੁੰਦਰ ਤੇ ਹੋਰ ਮੁਸ਼ਕਲਾਂ ਜਿਵੇਂ ਕੁਦਰਤੀ ਅਤੇ ਮਨੁੱਖੀ (ਸਰਕਾਰੀ ਸ਼ੋਸ਼ਣ, ਸਮੂਹਕ ਕਤਲ, ਜਿਨਸੀ ਸ਼ੋਸ਼ਣ ਅਤੇ ਹੋਰ ਹਿੰਸਾ) ਨੂੰ ਪਾਰ ਕਰ ਕੇ ਆਉਂਦੇ ਹਨ।

ਯੂਐਨਐਚਸੀਆਰ ਦਾ ਕਹਿਣਾ ਹੈ ਕਿ 7.08 ਕਰੋੜ ਲੋਕਾਂ ਨੂੰ ਬੀਤੇ ਸਾਲ ਦੇ ਅੰਤ ਤਕ ਮਜਬੂਰਨ ਪਲਾਇਨ ਕਰਨਾ ਪਿਆ ਸੀ। ਇਹ ਅੰਕੜਾ 2017 'ਚ 6.85 ਕਰੋੜ ਸੀ। ਇਸ 'ਚ ਬੀਤੇ ਇਕ ਦਹਾਕੇ 'ਚ 65% ਦਾ ਵਾਧਾ ਹੋਇਆ ਸੀ। ਇਨ੍ਹਾਂ 'ਚੋਂ 4.1 ਕਰੋੜ ਲੋਕਾਂ ਨੇ ਆਪਣੇ ਦੇਸ਼ਾਂ 'ਚ ਹੀ ਪਲਾਇਨ ਕੀਤਾ ਹੈ।

ਸੀਰੀਆ 'ਚ ਜੰਗ ਚੱਲਦਿਆਂ 8 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇੱਥੋਂ ਦੇ ਲੋਕ ਸੱਭ ਤੋਂ ਵੱਧ ਗਿਣਤੀ 'ਚ ਪਲਾਇਨ ਕਰ ਰਹੇ ਹਨ। ਇਨ੍ਹਾਂ ਦੀ ਗਿਣਤੀ 1.3 ਕਰੋੜ ਦੱਸੀ ਜਾ ਰਹੀ ਹੈ। ਸਾਲ 2018 'ਚ ਪਨਾਹ ਮੰਗਣ ਵਾਲਿਆਂ 'ਚ ਵੈਨੇਜ਼ੁਏਲਾ ਦੇ ਲੋਕਾਂ ਦੀ ਗਿਣਤੀ ਸੱਭ ਤੋਂ ਵੱਧ ਸੀ, ਜੋ 3.40 ਲੱਖ ਤੋਂ ਵੱਧ ਹੈ। ਹਾਲ ਹੀ ਦੇ ਸਾਲਾਂ 'ਚ 40 ਲੱਖ ਲੋਕਾਂ ਨੇ ਦਖਣੀ ਅਮਰੀਕੀ ਦੇਸ਼ਾਂ ਨੂੰ ਛੱਡ ਦਿੱਤਾ ਹੈ। ਇਨ੍ਹਾਂ 'ਚ ਸੱਭ ਤੋਂ ਵੱਧ ਲੋਕ ਪੇਰੂ, ਕੋਲੰਬੀਆ ਅਤੇ ਬ੍ਰਾਜੀਲ ਗਏ ਹਨ। 

ਅਮਰੀਕਾ 'ਚ ਫਿਲਹਾਲ ਮੈਕਸੀਕੋ ਤੋਂ ਆਉਣ ਵਾਲੇ ਸ਼ਰਨਾਰਥੀਆਂ ਦਾ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ। ਇੱਥੇ ਪ੍ਰਵਾਸੀਆਂ ਵੱਲੋਂ ਅਪਰਾਧ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ। ਰਾਸ਼ਟਰਪਤੀ ਟਰੰਪ ਵੱਲੋਂ ਆਮ ਤੌਰ 'ਤੇ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ।