ਇਟਲੀ ਨੇ 450 ਸ਼ਰਨਾਰਥੀਆਂ ਨੂੰ ਆਉਣੋਂ ਰੋਕਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਟਲੀ ਅਤੇ ਮਾਲਟਾ ਇਸ ਗੱਲ 'ਤੇ ਬਹਿਸ ਪਏ ਹਨ ਕਿ 450 ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਕੌਣ ਬਚਾਏਗਾ..........

Refugees

ਰੋਮ : ਇਟਲੀ ਅਤੇ ਮਾਲਟਾ ਇਸ ਗੱਲ 'ਤੇ ਬਹਿਸ ਪਏ ਹਨ ਕਿ 450 ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਕੌਣ ਬਚਾਏਗਾ। ਭੂ-ਮੱਧ ਸਾਗਰ ਵਿਚ ਇਹ ਛੋਟੀ ਜਿਹੀ ਕਿਸ਼ਤੀ ਵੱਡੀ ਗਿਣਤੀ 'ਚ ਲੋਕਾਂ ਨੂੰ ਲੈ ਕੇ ਸਿਸਲੀ ਟਾਪੂ ਵਲ ਵੱਧ ਰਹੀ ਸੀ। ਇਟਲੀ ਦੇ ਟਰਾਂਸਪੋਰਟ ਮੰਤਰੀ ਦਾਨਿਲੋ ਟੋਨੀਨੇਲੀ ਨੇ ਟਵੀਟ ਕੀਤਾ ਕਿ ਸਮੁੰਦਰੀ ਕਾਨੂੰਨ ਤਹਿਤ ਸ਼ਰਨਾਰਥੀਆਂ ਨੂੰ ਬਚਾਉਣਾ, ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਮੁਹੱਈਆ ਕਰਾਉਣਾ ਅਤੇ ਸੁਰੱਖਿਅਤ ਥਾਂ ਦੇਣਾ ਮਾਲਟਾ ਦੀ ਜ਼ਿੰਮੇਵਾਰੀ ਹੈ, ਕਿਉਂਕਿ ਉਹ ਸ਼ੁਕਰਵਾਰ ਨੂੰ ਦਿਨ ਵਿਚ ਮਾਲਟਾ ਦੇ ਰਾਹਤ ਅਤੇ ਬਚਾਅ ਖੇਤਰ 'ਚ ਸਨ।

ਉਥੇ ਹੀ ਮਾਲਟਾ ਦਾ ਤਰਕ ਹੈ ਕਿ ਜਦੋਂ ਰੋਮ ਦੇ ਸਮੁੰਦਰੀ ਬਚਾਅ ਤਾਲਮੇਲ (ਕੋਆਰਡੀਨੇਸ਼ਨ) ਸੈਂਟਰ ਨੇ ਉਸ ਨੂੰ ਕਿਸ਼ਤੀ ਬਾਰੇ ਦਸਿਆ ਸੀ ਤਾਂ ਉਸ ਸਮੇਂ ਕਿਸ਼ਤੀ ਮਾਲਟਾ ਦੇ ਤੱਟ ਦੀ ਬਜਾਏ ਸਿਸਲੀ ਦੇ ਟਾਪੂ ਦੇ ਕਾਫੀ ਨੇੜੇ ਸੀ। ਇਟਲੀ ਦੇ ਗ੍ਰਹਿ ਮੰਤਰੀ ਮੈਟਿਓ ਸੈਲਿਵਨੀ ਇਸ ਗੱਲ 'ਤੇ ਅੜੇ ਹਨ ਕਿ ਕੋਈ ਵੀ ਕਿਸ਼ਤੀ ਇਟਲੀ ਦੇ ਕਿਸੇ ਵੀ ਤੱਟ 'ਤੇ ਨਹੀਂ ਪਹੁੰਚਣੀ ਚਾਹੀਦੀ।

ਉਨ੍ਹਾਂ ਟਵੀਟ ਕੀਤਾ, ''ਇਹ ਕਿਸ਼ਤੀ ਇਥੇ ਨਹੀਂ ਪਹੁੰਚਣੀ ਚਾਹੀਦੀ।'' ਉਨ੍ਹਾਂ ਕਿਹਾ, ''ਅਸੀਂ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਹੈ, ਤੁਸੀਂ ਸਮਝੋ।'' ਸੈਲਿਵਨੀ ਦਾ ਇਸ਼ਾਰਾ ਉਨ੍ਹਾਂ ਤਟਾਂ ਵਲ ਸੀ, ਜਿਥੇ ਇਟਲੀ ਨੇ ਪਿਛਲੇ ਕੁਝ ਸਾਲਾਂ ਵਿਚ 6 ਲੱਖ ਸ਼ਰਨਾਰਥੀਆਂ ਨੂੰ ਸ਼ਰਨ ਦਿਤੀ ਹੈ। ਇਨ੍ਹਾਂ ਲੋਕਾਂ ਨੂੰ ਬਚਾ ਕੇ ਇਥੇ ਲਿਆਂਦਾ ਗਿਆ ਹੈ। (ਪੀਟੀਆਈ)