ਸਿੱਖ ਬਜ਼ੁਰਗ ਦੀ ਲੰਬੀ ਦਾੜ੍ਹੀ ਦੇ ਅੰਗਰੇਜ਼ ਵੀ ਮੁਰੀਦ, 5 ਫੁੱਟ 4 ਇੰਚ ਲੰਬੀ ਦਾੜ੍ਹੀ ਦੇਖ ਖਿਚਵਾਉਂਦੇ ਨੇ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਭਾਰਤੀ ਫ਼ੌਜ 'ਚ ਸੇਵਾਵਾਂ ਨਿਭਾਅ ਚੁੱਕੇ ਹਨ ਲੁਧਿਆਣਾ ਨਾਲ ਸਬੰਧਤ ਨਰੋਤਮ ਸਿੰਘ ਘੁਮਾਣ

Narotam Singh Ghuman

 

ਐਬਟਸਫੋਰਡ: ਕੈਨੇਡਾ ਵਿਚ ਰਹਿਣ ਵਾਲੇ ਸਿੱਖ ਬਜ਼ੁਰਗ ਨਰੋਤਮ ਸਿੰਘ ਘੁਮਾਣ ਦੀ ਲੰਬੀ ਦਾੜ੍ਹੀ ਦੇ ਅੰਗਰੇਜ਼ਾਂ ਵਿਚ ਵੀ ਚਰਚੇ ਹਨ। ਉਹਨਾਂ ਦੀ 5 ਫੁੱਟ 4 ਇੰਚ ਲੰਬੀ ਦਾੜ੍ਹੀ ਹੈ। 73 ਸਾਲਾ ਨਰੋਤਮ ਸਿੰਘ ਘੁਮਾਣ ਕਹਿੰਦੇ ਹਨ, “ਜਦੋਂ ਮੈਂ ਸੜਕ ਜਾਂ ਮੈਦਾਨ ਵਿਚ ਸੈਰ ਕਰਦਾ ਹਾਂ ਤਾਂ ਕਈ ਅੰਗਰੇਜ਼ ਮੇਰੇ ਕੋਲ ਆ ਕੇ ਕਹਿੰਦੇ ਹਨ ਕਿ 'ਹੈਲੋ ਮਿਸਟਰ ਸਿੰਘ ਯੂਅਰ ਬੀਅਰਡ ਇਜ਼ ਸੋ ਨਾਈਸ ਐਂਡ ਬਿਊਟੀਫੁੱਲ' ਭਾਵ ਸਿੰਘ ਸਾਹਿਬ ਤੁਹਾਡੀ ਦਾੜ੍ਹੀ ਬਹੁਤ ਵਧੀਆ ਤੇ ਖੂਬਸੂਰਤ ਹੈ ਅਤੇ ਕੁੱਝ ਅੰਗਰੇਜ਼ ਤਾਂ ਤਸਵੀਰਾਂ ਵੀ ਖਿਚਵਾਉਂਦੇ ਹਨ”।

ਇਹ ਵੀ ਪੜ੍ਹੋ : ਅਡਾਨੀ-ਹਿੰਡਨਬਰਗ ਵਿਵਾਦ ਕਾਰਨ LIC ਨੂੰ ਹੋਇਆ ਵੱਡਾ ਨੁਕਸਾਨ, ਜਾਣੋ ਪਾਲਿਸੀ ਧਾਰਕਾਂ 'ਤੇ ਕੀ ਹੋਇਆ ਅਸਰ 

ਉਹਨਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਲਿਬਰਲ ਵਿਧਾਇਕ ਮਾਈਕਲ ਡੀ. ਜੌਰਾਨੇਵੀ ਨੇ ਵੀ ਉਹਨਾਂ ਨਾਲ ਤਸਵੀਰ ਖਿਚਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਨਰੋਤਮ ਸਿੰਘ ਭਾਰਤੀ ਫ਼ੌਜ 'ਚ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੌਜ ਵਿਚ ਵੀ ਸਿੱਖੀ ਸਰੂਪ ਅਤੇ ਲੰਬੀ ਦਾੜ੍ਹੀ ਕਰਕੇ  ਬਹੁਤ ਮਾਣ-ਸਤਿਕਾਰ ਮਿਲਿਆ ਹੈ। ਉਹਨਾਂ ਨੇ ਨੌਜਵਾਨਾਂ ਨੂੰ ਪਤਿਤਪੁਣਾ ਛੱਡ ਕੇ ਸਿੱਖੀ ਸਰੂਪ ਅਪਨਾਉਣਾ ਦਾ ਸੁਨੇਹਾ ਦਿੱਤਾ।

ਇਹ ਵੀ ਪੜ੍ਹੋ : ਸਮਾਰਟ ਸਿਟੀ 'ਚ ਜ਼ਮੀਨ ਦਿਵਾਉਣ ਅਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਸਾਬਕਾ ਸੈਨਿਕਾਂ ਨਾਲ 150 ਕਰੋੜ ਦੀ ਠੱਗੀ

ਦੱਸ ਦੇਈਏ ਕਿ ਨਰੋਤਮ ਸਿੰਘ ਘੁਮਾਣ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਨੇੜਲੇ ਪਿੰਡ ਘੁਮਾਣ ਨਾਲ ਸਬੰਧਤ ਹੈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਹੇ ਮਰਹੂਮ ਜਥੇਦਾਰ ਮੱਲ ਸਿੰਘ ਘੁਮਾਣ ਦੇ ਭਤੀਜੇ ਹਨ।  ਜਥੇਦਾਰ ਮੱਲ ਸਿੰਘ ਘੁਮਾਣ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਵੀ ਰਹੇ ਸਨ।