ਕੈਨੇਡਾ ਤੇ ਆਸਟ੍ਰੇਲੀਆ ਵਿਚ ਸਿੱਖਾਂ ਨੇ ਪ੍ਰਵਾਸੀ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਮੁਫ਼ਤ ਲੰਗਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਸੇਵਾ ਦਾ ਲਾਭ ਸਾਰੇ ਧਰਮਾਂ ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।

File Photo

ਕੈਨੇਡਾ ਤੇ ਆਸਟ੍ਰੇਲੀਆ ਜਿਹੇ ਦੇਸ਼ਾਂ ’ਚ ਸਥਿਤ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਪੈਕ ਕੀਤੀ ਮੁਫ਼ਤ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ। ਇਹ ਸੇਵਾ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵੱਲੋਂ ਬੀਤੇ ਅਕਤੂਬਰ ਮਹੀਨੇ ਤੋਂ ਸ਼ੁਰੂ ਕੀਤੀ ਗਈ ਹੈ।

ਇਸ ਸੇਵਾ ਦਾ ਲਾਭ ਸਾਰੇ ਧਰਮਾਂ ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਗੁਰੂ ਘਰ ਦੇ ਲੰਗਰ ਹਾਲ ’ਚ ਖਾਣੇ ਦੇ ਪੈਕੇਟ (ਟਿਫ਼ਨ) ਤਿਆਰ ਕਰਨ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਇੱਥੋਂ ਵਿਦਿਆਰਥੀ ਆਪਣੇ ਘਰ, ਸਕੂਲ/ਕਾਲਜ ਜਾਂ ਕੰਮ–ਕਾਜ ਵਾਲੀ ਥਾਂ ਆਸਾਨੀ ਨਾਲ ਲਿਜਾ ਰਹੇ ਹਨ। ਸਰੀ ਦੇ ਗੁਰੂ ਘਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਦੱਸਿਆ ਕਿ ਹੋਰਨਾਂ ਦੇਸ਼ਾਂ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਸਰੀ ਪੁੱਜੇ ਵਿਦਿਆਰਥੀ ਇਸ ਲੰਗਰ ਸੇਵਾ ਦਾ ਲਾਹਾ ਲੈ ਰਹੇ ਹਨ।

ਗੁਰੂਘਰ ’ਚ ਪੁੱਜ ਕੇ ਇਸ ਸੇਵਾ ਦਾ ਲਾਭ ਉਠਾਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਤੋਂ ਹਨ। ਨਿੱਝਰ ਨੇ ਕਿਹਾ ਕਿ ਬਹੁਤੇ ਪ੍ਰਵਾਸੀ ਵਿਦਿਆਰਥੀਆਂ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਹੁੰਦੀ। ਪੀਜ਼ਾ ਤੇ ਬਰਗਰ ਉਨ੍ਹਾਂ ਲਈ ਬਹੁਤ ਮਹਿੰਗੇ ਪੈਂਦੇ ਹਨ। ਦੂਜੇ ਉਨ੍ਹਾਂ ਕੋਲ ਬਹੁਤ ਵਾਰ ਖਾਣਾ ਤਿਆਰ ਕਰਨ ਲਈ ਸਮਾਂ ਵੀ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੂੰ ਕਲਾਸਾਂ ਲਾਉਣ ਲਈ ਕਾਫ਼ੀ ਦੂਰ ਜਾਣਾ ਪੈਂਦਾ ਹੈ।

ਉਨ੍ਹਾਂ ਦੇ ਕੰਮ–ਕਾਜੀ ਦਫ਼ਤਰ ਬਹੁਤ ਦੂਰ–ਦੂਰ ਹੁੰਦੇ ਹਨ। ਕਈ ਵਾਰ ਤਾਂ ਬਹੁਤੇ ਵਿਦਿਆਰਥੀਆਂ ਨੂੰ ਭੁੱਖੇ ਢਿੱਡ ਹੀ ਸੌਣਾ ਪੈਂਦਾ ਹੈ। ਇਸੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਲਈ ਲੰਗਰ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗੁਰੂ ਘਰ ਦਾ ਲੰਗਰ ਹਾਲ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਵਿਦਿਆਰਥੀ ਜਦੋਂ ਵੀ ਆਪਣੇ ਦਫ਼ਤਰਾਂ ਤੋਂ ਦੇਰ ਰਾਤ ਨੂੰ ਘਰ ਪਰਤਦੇ  ਹਨ,

ਉਹ ਗੁਰੂ ਘਰ ’ਚ ਆ ਕੇ ਖਾਣੇ ਦੇ ਪੈਕੇਟ ਆਪਣੇ ਘਰਾਂ ਨੂੰ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿਚ ਖਾਣੇ ਦੇ ਹਾਲੇ 100 ਕੁ ਪੈਕੇਟ ਲੱਗ ਰਹੇ ਹਨ। ਗੁਰੂ ਘਰ ਦੇ ਨਿਗਰਾਨ ਚਰਨਜੀਤ ਸਿੰਘ ਸੁਜੋਂ ਨੇ ਦੱਸਿਆ ਕਿ ਜਦੋਂ ਸੰਗਤ ਨੂੰ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਇਸ ਸੇਵਾ ਦਾ ਪਤਾ ਲੱਗਾ, ਤਦ ਤੋਂ ਉਨ੍ਹਾਂ ਨੇ ਦਾਨ ਦੀਆਂ ਰਕਮਾਂ ਵੀ ਵਧਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਹੋਰ ਗੁਰੂ ਘਰਾਂ ਵੱਲੋਂ ਵੀ ਅਜਿਹੀ ਸੇਵਾ ਸ਼ੁਰੂ ਕੀਤੇ ਜਾਣ ਦੀ ਯੋਜਨਾ ਉਲੀਕੀ ਜਾ ਰਹੀ ਹੈ।

ਉੱਧਰ ਆਸਟ੍ਰੇਲੀਆ ’ਚ ਵੀ ਵਿਦਿਆਰਥੀਆਂ ਲਈ ਅਜਿਹੀ ਸੇਵਾ ਮੈਲਬੌਰਨ ਦੇ ਪਲੰਪਟਨ ਸਥਿਤ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਸ਼ਾਓਨੀ ਵਿਖੇ ਅੱਜ ਐਤਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸ਼ੁਰੂਆਤ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਸ਼ਹੀਦੀ ਦਿਵਸ ਮੌਕੇ ਕੀਤੀ ਗਈ ਹੈ। ਪਲੰਪਟਨ ਗੁਰਦੁਆਰਾ ਦੇ ਪ੍ਰਤੀਨਿਧ ਸ੍ਰੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਪ੍ਰਵਾਸੀ ਵਿਦਿਆਰਥੀਆਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ।