ਖਿਡਾਰੀਆਂ ਦੀ ਹੌਸਲਾ ਅਫਜ਼ਾਈ 'ਚ ਅਹਿਮ ਰੋਲ ਨਿਭਾਏਗੀ ਨਵੀਂ ਖੇਡ ਨੀਤੀ: ਰਾਣਾ ਸੋਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਡਾਂ ਲਈ ਉਸਾਰੂ ਮਾਹੌਲ ਸਿਰਜਣ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ 'ਚ ਅਹਿਮ ਰੋਲ ਨਿਭਾਏਗੀ ਨਵੀਂ ਖੇਡ ਨੀਤੀ: ਰਾਣਾ ਸੋਢੀ ...

Rana Sodhi

ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ ਖੇਡ ਨੀਤੀ ਦਾ ਮਨੋਰਥ ਸੂਬੇ ਵਿੱਚ ਖੇਡਾਂ ਲਈ ਉਸਾਰੂ ਮਾਹੌਲ ਸਿਰਜਣਾ, ਖਿਡਾਰੀਆਂ ਦੀ ਵੱਡੇ ਨਗਦ ਰਾਸ਼ੀ ਪੁਰਸਕਾਰਾਂ ਅਤੇ ਨੌਕਰੀਆਂ ਨਾਲ ਹੌਸਲਾ ਅਫਜ਼ਾਈ ਕਰਨਾ ਹੈ। ਇਹ ਖੁਲਾਸਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਉਭਰਦੇ ਖਿਡਾਰੀਆਂ ਨੂੰ ਵੱਡੇ ਮੁਕਾਬਲਿਆਂ ਲਈ ਤਿਆਰ ਕਰਨ ਉਪਰ ਵਿਸ਼ੇਸ਼ ਜ਼ੋਰ ਦਿਤਾ ਗਿਆ ਹੈ ਅਤੇ ਆਉਂਦੀਆਂ ਟੋਕੀਓ ਓਲੰਪਿਕ ਖੇਡਾਂ-2020 ਵਿੱਚ ਨਵੀਂ ਖੇਡ ਨੀਤੀ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਵੀਂ ਖੇਡ ਨੀਤੀ ਨੂੰ ਬੀਤੇ ਕੱਲ ਕੈਬਨਿਟ ਦੀ ਮਨਜ਼ੂਰੀ ਮਿਲਣ ਨਾਲ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ 2010 ਵਿੱਚ ਬਣਾਈ ਖੇਡ ਨੀਤੀ ਵਿਚ ਸਮੇਂ ਅਨੁਸਾਰ ਬਹੁਤ ਬਦਲਾਅ ਕਰਨ ਦੀ ਜ਼ਰੂਰਤ ਸੀ ਜੋ ਹੁਣ ਨਵੀਂ ਖੇਡ ਨੀਤੀ ਵਿੱਚ ਕਰ ਦਿੱਤੇ ਹਨ। ਰਾਣਾ ਸੋਢੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਵਿਚ ਜਿੱਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਤਮਗਾ ਜੇਤੂ ਖਿਡਾਰੀਆਂ, ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਇਨਾਮ ਰਾਸ਼ੀ, ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਵਿੱਚ ਵਾਧਾ ਕੀਤਾ ਹੈ

ਉਥੇ ਖਿਡਾਰੀਆਂ ਨੂੰ ਤਮਗਾ ਜਿੱਤਣ ਦੇ ਕਾਬਲ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਪੈਰਾ ਸਪੋਰਟਸ ਖੇਡਾਂ ਦੇ ਜੇਤੂਆਂ ਦੀ ਇਨਾਮ ਰਾਸ਼ੀ ਵਿੱਚ ਵੀ ਬਰਾਬਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਸ਼ਿਆਈ ਤੇ ਰਾਸ਼ਟਰਮੰਡਲ/ਪੈਰਾ ਸਪੋਰਟਸ ਦੇ ਤਮਗਾ ਜੇਤੂਆਂ ਨੂੰ ਦਿਤੀ ਜਾਣ ਵਾਲੀ ਨਗਦ ਰਾਸ਼ੀ ਵਿੱਚ ਤਿੰਨ ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਏਸ਼ਿਆਈ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਕ੍ਰਮਵਾਰ ਇਕ ਕਰੋੜ, 75 ਲੱਖ ਰੁਪਏ ਤੇ 50 ਲੱਖ ਰੁਪਏ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਕ੍ਰਮਵਾਰ 75 ਲੱਖ ਰੁਪਏ, 50 ਲੱਖ ਤੇ 40 ਲੱਖ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ।

ਖੇਡ ਵਿਭਾਗ ਵੱਲੋਂ 11 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਜਕਾਰਤਾ ਏਸ਼ਿਆਈ ਖੇਡਾਂ ਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਵਧੀ ਹੋਈ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਖੇਡ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਗਦ ਇਨਾਮ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਬਕਾਇਆ ਪਏ ਹਨ ਜਿਨ੍ਹਾਂ ਨੂੰ ਹੁਣ ਸਾਡੀ ਸਰਕਾਰ ਵੱਲੋਂ ਦੇਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ 814 ਖਿਡਾਰੀਆਂ ਨੂੰ ਨਗਦ ਪੁਰਸਕਾਰ ਦਿਤੇ ਜਾਣਗੇ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੀ ਵੰਡ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਇਨਾਮ ਰਾਸ਼ੀ ਵਿੱਚ ਵੀ ਵਾਧਾ ਕਰਦਿਆਂ ਪੰਜ ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੌਮੀ ਖੇਡ ਐਵਾਰਡਾਂ ਦੀ ਤਰਜ਼ 'ਤੇ ਹਰ ਸਾਲ 20 ਖਿਡਾਰੀਆਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਿਯਮਤ ਤੌਰ 'ਤੇ ਦਿੱਤੇ ਜਾਣਗੇ। ਇਕ ਸਾਲ ਵਿੱਚ 20 ਖਿਡਾਰੀਆਂ ਤੋਂ ਇਲਾਵਾ ਪਦਮ, ਅਰਜੁਨ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਹਾਸਲ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲੇਗਾ।

ਐਵਾਰਡ ਜੇਤੂਆਂ ਦਾ ਇਕ ਲੱਖ ਰੁਪਏ ਦਾ ਸਿਹਤ ਜੀਵਨ ਬੀਮਾ ਵੀ ਮੁਫਤ ਕੀਤਾ ਜਾਵੇਗਾ। ਖੇਡ ਮੰਤਰੀ ਨੇ ਕਿਹਾ ਜਿੰਨਾ ਜ਼ਰੂਰੀ ਤਮਗਾ ਜੇਤੂ ਖਿਡਾਰੀ ਨੂੰ ਨਗਦ ਇਨਾਮ ਨਾਲ ਸਨਮਾਨਤ ਕਰਨਾ ਹੈ, ਉਨ੍ਹਾਂ ਹੀ ਖਿਡਾਰੀ ਤਿਆਰ ਕਰਨ ਉਪਰ ਧਿਆਨ ਦੇਣਾ ਹੈ। ਖੇਡ ਵਿਭਾਗ ਵੱਲੋਂ ਉਚ ਸੰਭਾਵੀ ਤੇ ਸੰਭਾਵੀ ਸਮਰੱਥਾ ਵਾਲੀਆਂ ਖੇਡਾਂ ਦੀ ਸੂਚੀ ਬਣਾਈ ਗਈ ਜਿਨ੍ਹਾਂ ਵਿਚ ਤਮਗੇ ਜਿੱਤਣ ਦੀ ਸਭ ਤੋਂ ਵੱਧ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਉਪਰ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਚ ਸੰਭਾਵੀ ਸਮਰੱਥਾ ਵਾਲੀਆਂ ਖੇਡਾਂ ਵਿਚ ਅਥਲੈਟਿਕਸ, ਤੈਰਾਕੀ, ਬਾਸਕਟਬਾਲ, ਬੈਡਮਿੰਟਨ, ਵਾਲੀਬਾਲ, ਸਾਈਕਲਿੰਗ, ਮੁੱਕੇਬਾਜ਼ੀ, ਰੋਇੰਗ, ਨਿਸ਼ਾਨੇਬਾਜ਼ੀ, ਹਾਕੀ, ਜੂਡੋ, ਵੇਟਲਿਫਟਿੰਗ, ਕੁਸ਼ਤੀ, ਸਤਰੰਜ, ਜਿਮਨਾਸਟਿਕ, ਫੁਟਬਾਲ, ਟੇਬਲ ਟੈਨਿਸ ਅਤੇ ਕਬੱਡੀ ਜਦੋਂ ਕਿ ਸੰਭਾਵੀ ਸਮਰੱਥਾ ਵਾਲੀਆਂ ਖੇਡਾਂ ਵਿਚ ਲਾਅਨ ਟੈਨਿਸ, ਹੈਂਡਬਾਲ, ਤੀਰਅੰਦਾਜ਼ੀ, ਸਾਫਟਬਾਲ, ਤਲਵਾਰਬਾਜ਼ੀ, ਵਾਟਰ ਪੋਲੋ, ਸਕੇਟਿੰਗ, ਖੋ-ਖੋ, ਗੱਤਕਾ, ਵੁਸ਼ੂ ਤੇ ਗੱਤਕਾ ਸ਼ਾਮਲ ਹੈ। ਉਹਨਾਂ ਕਿਹਾ ਕਿ ਖਿਡਾਰੀਆਂ ਦੀ ਸਿਖਲਾਈ ਉਪਰ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਨੂੰ ਸਿੱਧੇ ਨੌਕਰੀ 'ਤੇ ਭਰਤੀ ਕਰਨਾ ਵੀ ਖੇਡ ਨੀਤੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦਾ ਖਿਡਾਰੀ ਜੋ ਤਮਗਾ ਜਿੱਤਦਾ ਹੈ, ਜੇਕਰ ਉਸ ਲਈ ਨੌਕਰੀ ਦੀ ਕੋਈ ਪੋਸਟ ਨਹੀਂ ਵੀ ਖਾਲੀ ਤਾਂ ਵੀ ਉਸ ਨੂੰ ਸਿੱਧਾ ਖੇਡ ਵਿਭਾਗ ਵੱਲੋਂ ਯਕਮੁਸ਼ਤ ਤਨਖਾਹ ਉਪਰ ਰੱਖਿਆ ਜਾਵੇਗਾ। ਰਾਣਾ ਸੋਢੀ ਨੇ ਕਿਹਾ ਕਿ ਕੋਚਾਂ ਨੂੰ ਪ੍ਰੇਰਿਤ ਕਰਨ ਵਾਸਤੇ ਓਲੰਪਿਕ/ਏਸ਼ਿਆਈ/ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਤਮਗਾ ਜੇਤੂ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲਿਆਂ ਨੂੰ ਵੀ ਨਗਦ ਇਨਾਮ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਤਮਗਾ ਜੇਤੂ ਖਿਡਾਰੀਆਂ ਨੂੰ ਮਿਲਣ ਵਾਲੀ ਪੈਨਸ਼ਨ ਵਿੱਚ ਵੀ ਵਾਧਾ ਕੀਤਾ ਗਿਆ ਹੈ। ਓਲੰਪਿਕ ਵਿੱਚ ਤਮਗਾ ਜੇਤੂ ਨੂੰ 15 ਹਜ਼ਾਰ ਰੁਪਏ, ਏਸ਼ੀਆਈ/ਰਾਸ਼ਟਰ ਮੰਡਲ ਖੇਡਾਂ ਵਿੱਚ ਤਮਗਾ ਜੇਤੂ ਨੂੰ 7500 ਰੁਪਏ ਅਤੇ ਕੌਮੀ ਖੇਡਾਂ ਵਿੱਚ ਤਗਮਾ ਜੇਤੂਆਂ ਨੂੰ 5000 ਰੁਪਏ ਪੈਨਸ਼ਨ ਮਿਲੇਗੀ। ਛੋਟੀ ਉਮਰ ਦੇ ਖਿਡਾਰੀਆਂ ਨੂੰ ਵੱਡੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਖੇਡ ਸਰਗਰਮੀਆਂ ਸ਼ੁਰੂ ਕੀਤੀ ਜਾਣਗੀਆਂ। ਸਕੂਲਾਂ ਵਿੱਚ ਖੇਡਾਂ ਲਈ ਇਕ ਘੰਟੇ ਦਾ ਵੱਖਰਾ ਪੀਰੀਅਡ ਸ਼ੁਰੂ ਕੀਤਾ ਜਾਵੇਗਾ।

ਖੇਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ 'ਤੇ ਜ਼ੋਰ ਦਿੰਦਿਆਂ ਨਵੀਂ ਖੇਡ ਨੀਤੀ ਵਿੱਚ ਬਲਾਕ ਪੱਧਰ 'ਤੇ ਘੱਟੋ-ਘੱਟ ਇਕ ਪਿੰਡ ਵਿੱਚ ਵਧੀਆ ਖੇਡ ਮੈਦਾਨ ਸਥਾਪਤ ਕਰਨ ਦੀ ਤਜਵੀਜ਼ ਹੈ। ਖੇਡਾਂ ਤੇ ਖਿਡਾਰੀਆਂ ਲਈ ਫੰਡ ਜਟਾਉਣ ਸਬੰਧੀ ਪ੍ਰਾਈਵੇਟ ਭਾਈਵਾਲੀ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਪਰਵਾਸੀ ਭਾਰਤੀਆਂ ਨੂੰ ਵੀ ਆਕਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਸਥਾਪਤ ਕੀਤੀ ਜਾਣ ਵਾਲੀ ਖੇਡ ਯੂਨੀਵਰਸਿਟੀ ਲਈ ਜਗ੍ਹਾ ਦੀ ਸ਼ਨਾਖਤ ਕਰ ਲਈ ਹੈ ਅਤੇ ਜਲਦ ਹੀ ਸਟੇਟ ਆਫ ਖੇਡ ਯੂਨੀਵਰਸਿਟੀ ਬਣੇਗੀ ਜਿਸ ਨਾਲ ਖੇਡ ਸਾਇੰਸ, ਖੇਡ ਵਿਗਿਆਨ ਅਤੇ ਖੇਡ ਤਕਨੀਕਾਂ ਨੂੰ ਵੱਡਾ ਹੁਲਾਰਾ ਮਿਲੇਗਾ।

ਹੋਰਨਾਂ ਇਨਾਮ ਰਾਸ਼ੀਆਂ ਜਿਨ੍ਹਾਂ ਵਿਚ ਵਾਧਾ ਕੀਤਾ ਗਿਆ ਹੈ, ਦੇ ਵੇਰਵੇ ਦਿੰਦਿਆਂ ਖੇਡ ਮੰਤਰੀ ਨੇ ਦੱਸਿਆ ਕਿ ਓਲੰਪਿਕ/ਪੈਰਾ ਓਲੰਪਿਕ ਖੇਡਾਂ ਦੇ ਮੁਕਾਬਲੇ ਵਿੱਚ ਚਾਂਦੀ ਤੇ ਕਾਂਸੀ ਦਾ ਤਮਗਾ ਜੇਤੂਆਂ ਨੂੰ ਕ੍ਰਮਵਾਰ ਡੇਢ ਕਰੋੜ ਅਤੇ ਇਕ ਕਰੋੜ ਰੁਪਏ ਦਿੱਤੇ ਜਾਣਗੇ। ਸੋਨ ਤਮਗਾ ਜੇਤੂ ਨੂੰ ਪਹਿਲਾਂ ਵਾਂਗ ਹੀ 2.25 ਕਰੋੜ ਰੁਪਏ ਮਿਲਣਗੇ। ਹਰ ਚਾਰ ਸਾਲ ਬਾਅਦ ਹੁੰਦੇ ਅਧਿਕਾਰਤ ਵਿਸ਼ਵ ਕੱਪ/ਚੈਂਪੀਅਨਸ਼ਿਪ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਕ੍ਰਮਵਾਰ 80 ਲੱਖ, 55 ਲੱਖ ਤੇ 45 ਲੱਖ ਰੁਪਏ, ਵਿਸ਼ਵ ਯੂਨੀਵਰਸਿਟੀ ਖੇਡਾਂ/ਚੈਂਪੀਅਨਸ਼ਿਪਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਕ੍ਰਮਵਾਰ 7 ਲੱਖ, 5 ਲੱਖ ਤੇ 3 ਲੱਖ ਰੁਪਏ,

ਸੈਫ ਖੇਡਾਂ/ਐਫਰੋ ਏਸ਼ੀਅਨ ਖੇਡਾਂ ਅਤੇ ਨੈਸ਼ਨਲ ਗੇਮਜ਼/ਪੈਰਾ ਨੈਸ਼ਨਲ ਗੇਮਜ਼ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਕ੍ਰਮਵਾਰ 5 ਲੱਖ, 3 ਲੱਖ ਤੇ 2 ਲੱਖ ਰੁਪਏ, ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ/ਚੈਂਪੀਅਨਸ਼ਿਪ, ਰਾਸ਼ਟਰੀ ਸਕੂਲ ਖੇਡਾਂ/ਖੇਲੋ ਇੰਡੀਆ ਸਕੂਲ ਖੇਡਾਂ ਅਤੇ ਰਾਸ਼ਟਰੀ ਮਹਿਲਾ ਖੇਡ ਮੇਲੇ/ ਰਾਸ਼ਟਰੀ ਪੱਧਰ ਦੇ ਖੇਲੋ ਇੰਡੀਆ ਟੂਰਨਾਮੈਂਟ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਕ੍ਰਮਵਾਰ 50 ਹਜ਼ਾਰ,

30 ਹਜ਼ਾਰ ਤੇ 20 ਹਜ਼ਾਰ ਰੁਪਏ ਅਤੇ ਕੌਮੀ ਖੇਡ ਫੈਡਰੇਸ਼ਨਾਂ ਵੱਲੋਂ ਸਾਲ ਵਿੱਚ ਇਕ ਵਾਰ ਕਰਵਾਈਆਂ ਜਾਂਦੀਆਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਕ੍ਰਮਵਾਰ 40 ਹਜ਼ਾਰ, 20 ਹਜ਼ਾਰ ਅਤੇ 15 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ, ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਤੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਅਤੇ ਵਿਧਾਇਕ ਸ੍ਰੀ ਫਤਹਿਜੰਗ ਸਿੰਘ ਬਾਜਵਾ ਵੀ ਹਾਜ਼ਰ ਸਨ।