ਆਸਟਰੇਲੀਆ ਦੀ ਇਸ ਸਲਾਮੀ ਬੱਲੇਬਾਜ਼ ਨੇ ਮਹਿਲਾ ਟੀ-20 ਵਿਚ ਬਣਾਇਆ ਨਵਾਂ ਵਿਸ਼ਵ ਰੀਕਾਰਡ

ਏਜੰਸੀ

ਖ਼ਬਰਾਂ, ਖੇਡਾਂ

ਏਲਿਸਾ ਹੀਲੀ ਨੇ 61 ਗੇਂਦਾਂ ਖੇਡੀਆਂ 'ਚ ਅਜੇਤੂ 148 ਦੌੜਾਂ ਬਣਾਈਆਂ

Australia's Alyssa Healy smashes world record T20 century

ਸਿਡਨੀ : ਆਸਟਰੇਲੀਆਈ ਮਹਿਲਾ ਟੀਮ ਦੀ ਸਲਾਮੀ ਬੱਲੇਬਾਜ਼ ਏਲਿਸਾ ਹੀਲੀ ਨੇ ਸ੍ਰੀਲੰਕਾ ਵਿਰੁਧ ਮੰਗਲਵਾਰ ਨੂੰ ਇਥੇ ਅਜੇਤੂ 148 ਦੌੜਾਂ ਬਣਾ ਕੇ ਟੀ-20 ਕੌਮਾਂਤਰੀ ਕ੍ਰਿਕਟ ਦੀ ਇਕ ਪਾਰੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾ ਲਿਆ ਹੈ। ਵਿਕਟਕੀਪਰ ਬੱਲੇਬਾਜ਼ ਹੀਲੀ ਨੇ ਅਪਣੀ ਪਾਰੀ ਵਿਚ ਸਿਰਫ 61 ਗੇਂਦਾਂ ਖੇਡੀਆਂ ਜਿਸ ਵਿਚ ਉਸ ਨੇ 19 ਚੌਕੇ ਅਤੇ 7 ਛੱਕੇ ਲਗਾਏ।

ਹੀਲੀ ਨੇ ਹਮਵਤਨ ਮੇਗ ਲੈਨਿੰਗ ਦਾ ਰੀਕਾਰਡ ਤੋੜਿਆ ਜਿਸ ਨੇ ਇਸ ਸਾਲ ਜੁਲਾਈ ਵਿਚ ਚੇਮਸਫੋਰਡ ਵਿਚ ਇੰਗਲੈਂਡ ਵਿਰੁਧ ਅਜੇਤੂ 133 ਦੌੜਾਂ ਬਣਾਈਆਂ ਸੀ।ਆਸ਼ਟਰੇਲੀਆ ਨੇ ਇਹ ਮੈਚ 132 ਦੌੜਾਂ ਨਾਲ ਜਿੱਤ ਕੇ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੀਲੀ ਦੀ ਤੂਫਾਨੀ ਪਾਰੀ ਅਤੇ ਰਾਚੇਲ ਹੇਂਸ ਦੀਆਂ 41 ਦੌੜਾਂ ਦੀ ਬਦੌਲਤ 2 ਵਿਕਟਾਂ 'ਤੇ 226 ਦੌੜਾਂ ਬਣਾਈਆਂ ਅਤੇ ਅਪਣੇ ਪਿਛਲੇ ਸਰਵਉੱਚ ਸਕੋਰ ਦੀ ਬਰਾਬਰੀ ਕੀਤੀ।

ਇਸ ਦੇ ਜਵਾਬ ਵਿਚ ਸ੍ਰੀਲੰਕਾ ਦੀ ਟੀਮ 7 ਵਿਕਟਾਂ 'ਤੇ 94 ਦੌੜਾਂ ਹੀ ਬਣਾ ਸਕੀ। ਸ੍ਰੀਲੰਕਾ ਵਲੋਂ ਚਮਾਰੀ ਅੱਟਾਪੱਟੂ ਨੇ ਸੱਭ ਤੋਂ ਵੱਧ 30 ਦੌੜਾਂ ਬਣਾਈਆਂ। ਆਸਟਰੇਲੀਆ ਲਈ ਨਿਕੋਲਾ ਕੈਰੀ ਨੇ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ।