ਭਾਰਤੀ ਟੀ-20 ਕ੍ਰਿਕਟ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਖਿਸਕਿਆ
ਪਾਕਿਸਤਾਨ ਦੇ 286 ਅੰਕ, ਦੱਖਣੀ ਅਫਰੀਕਾ ਦੇ 262, ਇੰਗਲੈਂਡ ਦੇ 261, ਆਸਟਰੇਲੀਆ ਦੇ 261 ਅਤੇ ਭਾਰਤ 206 ਅੰਕ ਹਨ
ਦੁਬਈ : ਭਾਰਤੀ ਟੀ-20 ਟੀਮ ਤਿੰਨ ਸਥਾਨ ਖਿਸਕ ਕੇ ਕੌਮਾਂਤਰੀ ਟੀ-20 ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਆ ਗਈ ਹੈ ਜਦਕਿ ਪਾਕਿਸਤਾਨ ਚੋਟੀ 'ਤੇ ਬਣਿਆ ਹੋਇਆ ਹੈ। ਆਈ.ਸੀ.ਸੀ. ਨੇ ਸ਼ੁਕਰਵਾਰ ਨੂੰ ਟੀ-20 ਟੀਮ ਰੈਂਕਿੰਗ ਜਾਰੀ ਕੀਤੀ ਹੈ। ਪਾਕਿਸਤਾਨ ਦੇ 286 ਅੰਕ ਹਨ ਜਦਕਿ ਦੱਖਣੀ ਅਫਰੀਕਾ ਦੇ 262, ਇੰਗਲੈਂਡ ਦੇ 261, ਆਸਟਰੇਲੀਆ ਦੇ 261 ਅਤੇ ਭਾਰਤ 206 ਅੰਕ ਹਨ। ਦੱਖਣੀ ਅਫਰੀਕਾ ਦੂਜੇ ਅਤੇ ਭਾਰਤ ਪੰਜਵੇਂ ਸਥਾਨ 'ਤੇ ਹੈ।
ਹੁਣ ਰੈਂਕਿੰਗ 'ਚ 80 ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ 'ਚੋਂ 2015-16 ਦੀਆਂ ਸੀਰੀਜ਼ ਦੇ ਨਤੀਜੇ ਹਟਾ ਦਿਤੇ ਗਏ ਹਨ ਅਤੇ 2016-17 ਅਤੇ 2017-18 ਦੇ ਨਤੀਜਿਆਂ ਨੂੰ 50 ਫ਼ੀ ਸਦੀ ਅੰਕ ਦਿਤੇ ਗਏ ਹਨ। ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ ਇਕ ਸਥਾਨ ਚੜ੍ਹ ਕੇ ਕ੍ਰਮਵਾਰ ਸਤਵੇਂ ਅਤੇ ਅੱਠਵੇਂ ਸਥਾਨ 'ਤੇ ਹਨ ਜਦਕਿ ਵੈਸਟਇੰਡੀਜ਼ ਨੌਵੇਂ ਸਥਾਨ 'ਤੇ ਖਿਸਕ ਗਿਆ ਹੈ। ਨੇਪਾਲ 14ਵੇਂ ਤੋਂ 11ਵੇਂ ਅਤੇ ਨਾਮੀਬੀਆ 20ਵੇਂ ਸਥਾਨ 'ਤੇ ਆ ਗਿਆ ਹੈ।
ਆਸਟ੍ਰੀਆ, ਬੋਤਸਵਾਨਾ, ਲਕਜ਼ਮਬਰਗ ਅਤੇ ਮੋਜ਼ਾਂਬਿਕ ਜਿਹੀਆਂ ਟੀਮਾਂ ਨੂੰ ਪਹਿਲੀ ਵਾਰ ਇਸ ਸਕੋਰ ਬੋਰਡ 'ਚ ਜਗ੍ਹਾ ਮਿਲੀ ਹੈ ਜਿਸ 'ਚ ਮਈ 2016 ਤੋਂ ਦੂਜੇ ਆਈ.ਸੀ.ਸੀ. ਮੈਂਬਰ ਦੇਸ਼ ਵਿਰੁਧ 6 ਮੈਚ ਖੇਡ ਚੁੱਕੇ ਸਾਰੇ ਮੈਂਬਰ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਹਿਲਾ ਰੈਕਿੰਗ ਵਿਚ ਟੀਮਾਂ ਨੂੰ ਦੂਸਰੀਆਂ ਟੀਮਾਂ ਵਿਰੁਧ ਪਿਛਲੇ ਤਿੰਨ ਤੋਂ ਚਾਰ ਸਾਲ ਵਿਚ ਛੇ ਮੈਚ ਖੇਡਣਾ ਜ਼ਰੂਰੀ ਹੈ।