ਏਸ਼ੀਆਈ ਯੂਨੀਵਰਸਟੀਆਂ ਦੀ ਰੈਂਕਿੰਗ ਵਿਚ ਭਾਰਤ ਦੀਆਂ 49 ਸੰਸਥਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ ਸਾਲ ਭਾਰਤ ਦੀਆਂ 42 ਸੰਸਥਾਵਾਂ ਨੂੰ ਇਸ ਸੂਚੀ ਵਿਚ ਥਾਂ ਮਿਲੀ ਸੀ

India delivers mixed performance in Asian varsity rankings

ਲੰਦਨ : ਬਰਤਾਨੀਆਂ ਦੀ ਰਾਜਧਾਨੀ ਲੰਦਨ ਵਿਚ ਅੱਜ ਵੀਰਵਾਰ ਨੂੰ ਜਾਰੀ ਹੋਈ ਏਸ਼ੀਆ ਯੂਨੀਵਰਸਟੀ ਰੈਂਕਿੰਗ 2019 ਵਿਚ ਭਾਰਤ ਦੀ 49 ਸਿਖਿਆ ਸੰਸਥਾਵਾਂ ਨੂੰ ਥਾਂ ਮਿਲੀ ਹੈ। 'ਟਾਈਮਜ਼ ਹਾਇਰ ਐਜੂਕੇਸ਼ਨ' ਦੀ ਇਸ ਸਾਲਾਨਾ ਰੈਂਕਿੰਗ ਵਿਚ ਭਾਰਤ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਈੰਸ ਨੂੰ 29ਵਾਂ ਸਥਾਨ ਮਿਲਿਆ ਹੈ। ਇਸ ਸਾਲ ਦੇਸ਼ ਦੀਆਂ 49 ਸਿਖਿਆ ਸੰਸਥਾਵਾਂ ਨੂੰ ਇਸ ਸੂਚੀ ਵਿਚ ਥਾਂ ਮਿਲੀ ਹੈ ਜਦਕਿ ਪਿਛਲੇ ਸਾਲ 42 ਸੰਸਥਾਵਾਂ ਨੂੰ ਇਸ ਸੂਚੀ ਵਿਚ ਥਾਂ ਮਿਲੀ ਸੀ।

ਸੰਸਥਾਵਾਂ ਦੀ ਗਿਣਤੀ ਦੇ ਆਧਾਰ 'ਤੇ ਚੀਨ ਅਤੇ ਜਾਪਾਨ ਤੋਂ ਬਾਅਦ ਭਾਰਤ ਤੀਜੇ ਨੰਬਰ 'ਤੇ ਹੈ। 2019 ਦੀ ਰੈਂਕਿੰਗ ਵਿਚ ਪਹਿਲੀ ਵਾਰ ਚੀਨ ਨੰਬਰ ਇਕ 'ਤੇ ਹੈ। ਨੈਸ਼ਨਲ ਯੂਨੀਵਰਸਟੀ ਆਫ਼ ਸਿੰਗਾਪੁਰ ਨੂੰ ਪਿੱਛੇ ਛਡਦੇ ਹੋਏ ਚੀਨ ਦੀ ਸਿੰਗਹੂਆ ਯੂਨੀਵਰਸਟੀ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ। ਰੈਂਕਿੰਗ ਮਾਹਰਾਂ ਦਾ ਕਹਿਣਾ ਹੈ ਕਿ ਵੱਖ-ਵੱਖ ਸੰਸਥਾਵਾਂ ਦੀ ਰੈਂਕਿੰਗ ਵਿਚ ਬਦਲਾਅ, ਕੁੱਝ ਦੇ ਸੂਚੀ ਵਿਚ ਸ਼ਾਮਲ ਹੋਣ ਅਤੇ ਕੁੱਝ ਹੋਰ ਦੇ ਬਾਹਰ ਜਾਣ ਨਾਲ ਭਾਰਤ ਦੀ ਰੈਂਕਿੰਗ ਵਿਚ ਕਾਫ਼ਾ ਬਦਲਾਅ ਹੋਇਆ ਹੈ।

ਇਸ ਸੂਚੀ ਵਿਚ ਭਾਰਤੀ ਤਕਨੀਕ ਸੰਸਥਾਨ ਇੰਦੌਰ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ ਹੋਇਆ ਹੈ ਅਤੇ ਉਹ 50ਵੇਂ ਸਥਾਨ 'ਤੇ ਹੈ। 100 ਥਾਵਾਂ ਦੀ ਇਸ ਸੂਚੀ ਵਿਚ ਭਾਰਤ ਦੀ ਆਈਆਈਟੀ ਬੰਬਈ ਅਤੇ ਆਈਆਈਟੀ ਰੁੜਕੀ ਨੂੰ ਸਾਂਝੇ ਤੌਰ 'ਤੇ 54ਵਾਂ ਸਥਾਨ, ਜੇਐਸਐਸ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਐਂਡ ਰਿਸਰਚ ਨੂੰ 62ਵਾਂ, ਆਈਆਈਟੀ ਖੜਗਪੁਰ ਨੂੰ 76ਵਾਂ, ਆਈਆਈਟੀ ਕਾਨਪੁਰ ਨੂੰ 82ਵਾਂ ਅਤੇ ਆਈਆਈਟੀ ਦਿੱਲੀ ਨੂੰ 91ਵਾਂ ਸਥਾਨ ਮਿਲਿਆ ਹੈ।