ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਲੜੀ ਦਾ ਪਹਿਲਾ ਮੈਚ ਅੱਜ

ਏਜੰਸੀ

ਖ਼ਬਰਾਂ, ਖੇਡਾਂ

ਦਿੱਲੀ ਦੀ ਪ੍ਰਦੂਸ਼ਤ ਹਵਾ ਕਾਰਨ ਖਿਡਾਰੀਆਂ ਨੂੰ ਆ ਸਕਦੀ ਹੈ ਮੁਸ਼ਕਿਲ

IndiavsBangladesh first t-20 Match

ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੁਕਾਬਲਾ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜ਼ੇ ਸ਼ੁਰੂ ਹੋਵੇਗਾ। ਦਿੱਲੀ ਵਿਚ ਦੂਸ਼ਿਤ ਹਵਾ ਦੀ ਗੁਣਾ ਆਪਣੇ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ। ਪਿਛਲੇ ਹਫ਼ਤੇ ਤੋਂ ਲਗਾਤਾਰ ਦਿੱਲੀ ਦੀ ਹਵਾ ਦਿਨ-ਪ੍ਰਤੀਦਿਨ ਪ੍ਰਦੂਸ਼ਤ ਹੁੰਦੀ ਜਾ ਰਹੀ ਹੈ। ਜਿਸਨੇ ਮੈਚ ਉੱਤੇ ਸ਼ੱਕ ਖੜਾ ਕਰ ਦਿੱਤਾ ਹੈ। ਸਟੇਡੀਅਮ ਵਿਚ ਧੁੰਦ ਵੀ ਵੇਖਣ ਨੂੰ ਮਿਲੀ ਸੀ ਜਿਸਦੇ ਕਾਰਨ ਬੰਗਲਾਦੇਸ਼ ਦੇ ਖਿਡਾਰੀ ਅਭਿਆਸ ਵੇਲੇ ਚਿਹਰੇ 'ਤੇ ਮਾਸਕ ਪਾਉਂਦੇ ਹੋਏ ਨਜ਼ਰ ਆਏ ਸਨ।

ਬੰਗਲਾਦੇਸ਼ ਦੇ ਕੋਚ ਰਸੇਲ ਡੋਮਿੰਗੋ ਅਤੇ ਭਾਰਤ ਦੇ ਬੱਲੇਬਾਜ਼ੀ ਦੇ ਕੋਚ ਵਿਕਰਮ ਰਾਠੌਰ ਦਾ ਕਹਿਣਾ ਹੈ ਕਿ ਇਸ ਵਿਚ ਦੋਨੋਂ ਟੀਮਾਂ ਕੁੱਝ ਨਹੀਂ ਕਰ ਸਕਦੀਆਂ ਹਨ ਅਤੇ ਜੋ ਉਹ ਕਰ ਸਕਦੇ ਹਨ ਉਹ ਹੈ ਖੇਡ ਉੱਤੇ ਧਿਆਨ ਦੇਣਾ। ਬੰਗਲਾਦੇਸ਼ ਲਈ ਇਹ ਲੜੀ ਇਸ ਲਈ ਵੀ ਬਹੁਤ ਮੁਸ਼ਕਿਲ ਹੈ, ਕਿਉਂਕਿ ਉਸਨੂੰ ਆਪਣੇ ਵੱਡੇ ਖਿਡਾਰੀਆਂ ਸ਼ਾਕਿਬ ਅਤੇ ਤਮੀਮ ਦੀ ਗੈਰਹਾਜ਼ਰੀ ਵਿਚ ਖੇਡਣਾ ਹੈ। ਜੇਕਰ ਬੀਤੇ ਦੋ-ਤਿੰਨ ਸਾਲਾ ਦੀ ਗੱਲ ਕਰੀਏ ਤਾਂ ਇਹ ਟੀਮ ਦੀ ਅਹਿਮ ਕੜੀ ਰਹੇ ਹਨ।

ਦੂਜੇ ਪਾਸੇ ਰੋਹਿਤ ਅਤੇ ਧਵਨ ਉੱਤੇ ਵੀ ਕਾਫ਼ੀ ਕੁੱਝ ਨਿਰਭਰ ਕਰਦਾ ਹੈ, ਕਿਉਂਕਿ ਟੀਮ ਦਾ ਮਿਡਲ ਆਰਡਰ ਜ਼ਿਆਦਾ ਅਨੁਭਵੀ ਨਹੀਂ ਹੈ ਇਸ ਲਈ ਦੋਣਾਂ ਨੂੰ ਚਾਹੀਦਾ ਹੋਵੇਗਾ ਕਿ ਟੀਮ ਦੀ ਮਜ਼ਬੂਤ ਸ਼ੁਰੂਆਤ ਦੇ ਸਕਣ। ਭਾਰਤ ਦੇ ਬੱਲੇਬਾਜ਼ੀ ਦੇ ਕੋਚ ਨੇ ਕਿਹਾ ਹੈ ਕਿ ਇਹ ਲੜੀ ਟੀਮ ਨੂੰ ਵੱਖ ਵੱਖ ਤਰ੍ਹਾਂ ਦੇ ਤਰੀਕੇ ਅਜਮਾਉਣ ਦਾ ਮੌਕਾ ਦੇਵੇਗੀ ਪਰ ਇੱਕ ਚੀਜ਼ ਉੱਤੇ ਟੀਮ ਦਾ ਧਿਆਨ ਕਾਫ਼ੀ ਹੱਦ ਤੱਕ ਹੋਵੇਗਾ ਅਤੇ ਉਹ ਹੈ ਮਜ਼ਬੂਤ ਟੀਚਾ ਖੜ੍ਹਾ ਕਰਨਾ।  ਰਾਜਧਾਨੀ ਦਿੱਲੀ ਵਿਚ ਜਦ ਵੀ ਮੁਕਾਬਲਾ ਹੁੰਦਾ ਹੈ ਤਾਂ ਸਟੇਡੀਅਮ ਦੀ ਪਿੱਚ ਉੱਤੇ ਸਭ ਦੀ ਨਜ਼ਰ ਰਹਿੰਦੀ ਹੈ। ਜੇਕਰ ਇਸਦਾ ਇਤਿਹਾਸ ਵੇਖਿਆ ਜਾਵੇ ਤਾਂ ਇਹ ਕਾਫ਼ੀ ਹੌਲੀ ਪਿੱਚ ਰਹੀ ਹੈ। ਮੈਚ ਦੇ ਇੱਕ ਦਿਨ ਪਹਿਲਾਂ ਵਿਕਟ ਉੱਤੇ ਹਲਕੀ ਘਾਹ ਦੇਖੀ ਗਈ ਸੀ ਹੁਣ ਵੇਖਣਾ ਹੋਵੇਗਾ ਕਿ ਅੱਜ ਪਿੱਚ ਕਿਸ ਤਰ੍ਹਾਂ ਰਹਿੰਦੀ ਹੈ।