ਆਉਣ ਵਾਲੇ ਸੰਸਦ ਸੈਸ਼ਨ ਵਿਚ ਵਾਹਨ ਬਿਲ ਪੇਸ਼ ਕਰ ਸਕਦੀ ਹੈ ਸਰਕਾਰ : ਗਡਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਿਹਾ - 8000 ਅਜਿਹੇ ਮਾਰਗ ਖੰਡਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ 'ਤੇ ਦੁਰਘਟਨਾਵਾਂ ਦਾ ਖ਼ਤਰਾ ਸਭ ਤੋਂ ਵੱਧ ਹੈ

Motor Vehicles Bill to be introduced in next Parliament session : Nitin Gadkari

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਸੰਸਦ ਦੇ ਆਗਾਮੀ ਸੈਸ਼ਨ ਵਿਚ ਮੋਟਰ ਵਾਹਨ (ਸੋਧ) ਬਿਲ ਪੇਸ਼ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਬਿਲ ਵਿਚ ਸੜਕ ਸੁਰੱਖਿਆ ਦੇ ਨਿਯਮਾਂ ਦੇ ਉਲੰਘਣ 'ਤੇ ਭਾਰੀ ਸਜ਼ਾ ਦੀ ਤਜ਼ਵੀਜ਼ ਪੇਸ਼ ਕੀਤੀ ਜਾਵੇਗੀ। ਇਹ ਬਿਲ ਰਾਜਸਭਾ ਤੋਂ ਮੰਜ਼ੂਰੀ ਲਈ ਲਟਕਿਆ ਹੋਇਆ ਸੀ। ਪਰ ਫ਼ਰਵਰੀ ਵਿਚ 16ਵੀਂ ਲੋਕ ਸਭਾ ਦੇ ਆਖ਼ਰੀ ਸਤਰ ਦੇ ਮੁਲਤਵੀ ਹੋਣ ਤੋਂ ਬਾਅਦ ਇਹ ਆਪੇ ਹੀ ਸੰਸਦ ਵਿਚ ਪਹੁੰਚ ਗਿਆ। 

ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ, ''ਮੋਟਰ ਬਿਲ ਲਈ ਕੈਬਨਟ ਨੋਟ ਤਿਆਰ ਹੈ। ਇਕ ਵਾਰ ਇਸ ਨੂੰ ਮੰਤਰੀ ਮੰਡਲ ਦੀ ਮੰਜ਼ੂਰੀ ਮਿਲ ਜਾਵੇ ਤਾਂ ਅਸੀਂ ਇਸ ਨੂੰ ਸੰਸਦ ਦੇ ਆਗਾਮੀ ਸੈਸ਼ਨ ਵਿਚ ਪੇਸ਼ ਕਰ ਦੇਵਾਂਗੇ।'' ਗਡਕਰੀ ਨੇ ਮੰਗਲਵਾਰ ਨੂੰ ਅਪਣੇ ਮਤਰਾਲਾ ਦੇ ਕੰਮਕਾਜ ਸੰਭਾਲਿਆ ਹੈ।

ਉਨ੍ਹਾਂ ਇਥੇ ਪੱਤਰਕਾਰ ਵਾਰਤਾ ਵਿਚ ਕਿਹਾ ਕਿ ਬਿਲ ਨੂੰ ਸੰਸਦ ਤੋਂ ਇਕ ਵਾਰ ਮੰਜ਼ੂਰੀ ਮਿਲ ਜਾਣ ਤੋਂ ਬਾਅਦ ਆਵਾਜਾਈ ਖੇਤਰ ਵਿਚ ਕਈ ਸੁਧਾਰ ਹੋਣ ਦੀ ਉਮੀਦ ਹੈ। ਇਸ ਬਿਲ ਵਿਚ ਸੜਕ ਆਵਾਜਾਈ ਖੇਤਰ ਨਾਲ ਸਬੰਧਤ ਵੱਖ ਵੱਖ ਅਪਰਾਧਾਂ ਲਈ ਭਾਰੀ ਜੁਰਮਾਨੇ ਦਾ ਵਿਕਲਪ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ 8,000 ਅਜਿਹੇ ਮਾਰਗ ਖੰਡਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ 'ਤੇ ਦੁਰਘਟਨਾਵਾਂ ਦਾ ਖ਼ਤਰਾ ਸਭ ਤੋਂ ਵੱਧ ਹੈ। ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ।