ਯੁਵਰਾਜ ਸਿੰਘ ਨੇ ਮੰਗੀ ਮਾਫੀ, ਜਾਤੀ ਸੂਚਕ ਸ਼ਬਦ ਦੀ ਕੀਤੀ ਸੀ ਵਰਤੋਂ
ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਜਾਤੀ ਸੂਚਕ ਸ਼ਬਦ ਦੀ ਵਰਤੋਂ ਕਰਨ ਲਈ ਮਾਫੀ ਮੰਗੀ ਹੈ।
ਨਵੀਂ ਦਿੱਲੀ: ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਜਾਤੀ ਸੂਚਕ ਸ਼ਬਦ ਦੀ ਵਰਤੋਂ ਕਰਨ ਲਈ ਮਾਫੀ ਮੰਗੀ ਹੈ। ਯੁਵਰਾਜ ਨੇ ਟਵਿਟਰ ਦੇ ਜ਼ਰੀਏ ਕਿਹਾ ਕਿ ਜੇਕਰ ਉਹਨਾਂ ਦੀ ਗੱਲ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਉਸ ਦੇ ਲਈ ਮਾਫੀ ਮੰਗਦੇ ਹਨ।
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਲ ਉਹਨਾਂ ਦੀ ਗੱਲਬਾਤ ਦਾ ਇਕ ਵੀਡੀਓ ਵਾਇਰਲ ਹੋ ਗਿਆ ਸੀ, ਜਿਸ ਵਿਚ ਉਹਨਾਂ ਨੇ ਯੁਜਵਿੰਦਰ ਚਹਿਲ ਸਬੰਧੀ ਕਥਿਤ ਜਾਤੀਵਾਦੀ ਟਿੱਪਣੀ ਕੀਤੀ ਸੀ।
ਸ਼ੁੱਕਰਵਾਰ ਨੂੰ ਯੁਵਰਾਜ ਨੇ ਟਵੀਟ ਕਰ ਕੇ ਕਿਹਾ, 'ਮੈਂ ਸਮਝਦਾ ਹਾਂ ਕਿ ਮੈਂ ਅਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਸਮੇਂ ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਲਿਆ ਗਿਆ, ਜੋ ਅਣਉੱਚਿਤ ਸੀ। ਇਕ ਜ਼ਿੰਮੇਵਾਰ ਭਾਰਤੀ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਣਜਾਣੇ ਵਿਚ ਜੇਕਰ ਮੇਰੀਆਂ ਗੱਲਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਨੂੰ ਅਫਸੋਸ ਹੈ'।
ਯੁਵਰਾਜ ਨੇ ਕਿਹਾ, 'ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਰੰਗ, ਜਾਤ, ਧਰਮ ਜਾਂ ਲਿੰਗ ਦੇ ਅਧਾਰ 'ਤੇ ਕਿਸੇ ਤਰ੍ਹਾਂ ਦੇ ਭੇਦਭਾਵ ਵਿਚ ਯਕੀਨ ਨਹੀਂ ਰੱਖਦਾ। ਮੈਂ ਲੋਕਾਂ ਦੀ ਸੇਵਾ ਵਿਚ ਅਪਣੀ ਜ਼ਿੰਦਗੀ ਬਤੀਤ ਕੀਤੀ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਹੀ ਜੀਣਾ ਚਾਹੁੰਦਾ ਹਾਂ। ਮੈ ਹਰ ਵਿਅਕਤੀ ਦਾ ਸਨਮਾਨ ਕਰਦਾ ਹਾਂ'।ਦੱਸ ਦਈਏ ਕਿ ਯੁਵਰਾਜ ਸਿੰਘ ਦਾ ਵੀਡੀਓ ਵਾਇਰਲ ਹੋਣ ਦੇ ਨਾਲ ਹੀ ਟਵਿਟਰ 'ਤੇ ´ਯੁਵਰਾਜ ਸਿੰਘ ਮਾਫੀ ਮੰਗੋ' ਟ੍ਰੈਂਡ ਹੋਣ ਲੱਗਿਆ ਸੀ।
ਹਿਸਾਰ ਵਿਚ ਇਸ ਨੂੰ ਲੈ ਕੇ ਯੁਵਰਾਸ ਸਿੰਘ ਖਿਲਾਫ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਹਿਸਾਰ ਦੇ ਹਾਂਸੀ ਵਿਚ ਦਲਿਤ ਅਧਿਕਾਰ ਕਾਰਕੁਨ ਅਤੇ ਵਕੀਲ ਰਜਤ ਕਲਸਨ ਵੱਲੋਂ ਯੁਵਰਾਜ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕਲਸਨ ਨੇ ਯੁਵਰਾਜ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ।