ਦੁਨੀਆ ਦਾ ਨੰਬਰ ਇਕ ਟੈਸਟ ਬੱਲੇਬਾਜ਼ ਬਣਿਆ ਵਿਰਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁਧ ਐਜਬੈਸਟਨ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਨਾਲ ਦੁਨੀਆ ਦੇ ਨੰਬਰ ਇਕ............

Virat Kohli

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁਧ ਐਜਬੈਸਟਨ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਨਾਲ ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਦਾ ਤਮਗ਼ਾ ਹਾਸਲ ਕਰ ਲਿਆ ਹੈ। ਅਜਿਹਾ ਕਰਨ ਵਾਲੇ ਵਿਰਾਟ ਕੋਹਲੀ ਭਾਰਤ ਦੇ ਸੱਤਵੇਂ ਬੱਲੇਬਾਜ਼ ਹਨ। ਐਤਵਾਰ ਸਵੇਰੇ ਜਾਰੀ ਐਮਆਰਐਫ਼ ਟਾਇਰਜ਼ ਆਈਸੀਸੀ ਪਲੇਅਰ ਰੈਂਕਿੰਗ ਫ਼ਾਰ ਟੈਸਟ ਬੈਟਸਮੈਨ ਦੀ ਸੂਚੀ 'ਚ ਵਿਰਾਟ ਕੋਹਲੀ ਅਪਣੇ 67 ਟੈਸਟ ਮੈਚਾਂ ਦੇ ਕੈਰੀਅਰ 'ਚ ਪਹਿਲੀ ਵਾਰ ਨੰਬਰ ਇਕ 'ਤੇ ਕਾਬਜ਼ ਹੋਏ ਹਨ। ਕੋਹਲੀ ਨੇ ਆਸਟ੍ਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੂੰ ਪਿਛੇ ਛੱਡਦਿਆਂ ਇਹ ਉਪਲਬਧੀ ਹਾਸਲ ਕੀਤੀ ਹੈ। 

ਜ਼ਿਕਰਯੋਗ ਹੈ ਕਿ ਸਮਿਥ ਦਸੰਬਰ 2015 ਤੋਂ ਨੰਬਰ ਇਕ ਟੈਸਟ ਬੱਲੇਬਾਜ਼ ਬਣੇ ਹੋਏ ਸਨ। ਫਿਲਹਾਲ ਸਟੀਵ ਸਮਿਥ ਕੌਮਾਂਤਰੀ ਕ੍ਰਿਕਟ ਤੋਂ ਦੂਰ ਹਨ ਅਤੇ ਇਕ ਸਾਲ ਦੇ ਬੈਨ ਦਾ ਸਾਹਮਣਾ ਕਰ ਰਹੇ ਹਨ। ਦੱਸਣਯੋਗ ਹੈ ਕਿ ਭਾਰਤ ਵਲੋਂ ਵਿਰਾਟ ਤੋਂ ਪਹਿਲਾਂ ਸਚਿਨ ਤੇਂਦੁਲਕਰ ਇਸ ਲਿਸਟ 'ਚ ਨੰਬਰ ਇਕ ਤਕ ਪਹੁੰਚੇ ਸਨ। ਸਚਿਨ ਜਨਵਰੀ 2011 'ਚ ਇਸ ਮੁਕਾਮ 'ਤੇ ਪਹੁੰਚੇ ਸਨ ਪਰ ਜੂਨ 2011 'ਚ ਉਹ ਖਿਸਕ ਕੇ ਦੂਜੇ ਸਥਾਨ 'ਤੇ ਆ ਗਏ ਸਨ। ਇਸ ਤੋਂ ਬਾਅਦ ਤੋਂ ਹੁਣ ਕੋਹਲੀ ਭਾਰਤ ਵਲੋਂ ਨੰਬਰ ਇਕ ਟੈਸਟ ਬੱਲੇਬਾਜ਼ ਬਣੇ ਹਨ।

ਕੋਹਲੀ ਅਤੇ ਤੇਂਦੁਲਕਰ ਤੋਂ ਇਲਾਵਾ ਭਾਰਤ ਵਲੋਂ ਰਾਹੁਲ ਦ੍ਰਵਿੜ, ਗੌਤਮ ਗੰਭੀਰ, ਸੁਨੀਲ ਗਾਵਸਕਰ, ਵੀਰੇਂਦਰ ਸਹਿਵਾਗ ਅਤੇ ਦਿਲੀਪ ਵੇਂਗਸਰਕਰ ਅਪਣੇ ਕੈਰੀਅਰ ਦੌਰਾਨ ਟੈਸਟ 'ਚ ਨੰਬਰ ਇਕ ਦਾ ਤਮਗ਼ਾ ਪ੍ਰਾਪਤ ਕਰ ਚੁਕੇ ਹਨ। ਹਾਲਾਂ ਕਿ 934 ਰੈਂਕਿੰਗ ਪੁਆਇੰਟ ਪ੍ਰਾਪਤ ਕਰ ਕੇ ਕੋਹਲੀ ਭਾਰਤ ਵਲੋਂ ਸੱਭ ਤੋਂ ਜ਼ਿਆਦਾ ਰੇਟਿੰਗ ਪੁਆਇੰਟ ਪ੍ਰਾਪਤ ਕਰਨ ਵਾਲਾ ਖਿਡਾਰੀ ਬਣ ਗਿਆ ਹੈ।   (ਏਜੰਸੀ)