ਪਾਕਿ 2019 'ਚ ਟੈਸਟ ਮੈਚ ਹਾਰਨ ਵਾਲਾ ਦੁਨੀਆਂ ਦਾ ਪਹਿਲਾਂ ਦੇਸ਼ ਬਣਿਆ

ਏਜੰਸੀ

ਖ਼ਬਰਾਂ, ਖੇਡਾਂ

ਪਾਕਿਸਤਾਨ 2019 'ਚ ਟੈਸਟ ਮੈਚ ਹਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਦਖਣੀ ਅਫ਼ਰੀਕਾ ਨੇ ਕੇਪਟਾਊਨ ਦੇ ਨਿਊਲੈਂਡਸ ਕ੍ਰਿਕਟ ਮੈਦਾਨ 'ਚ ਖੇਡੇ ਜਾ ਰਹੇ ....

Pakistan Cricket Team

ਨਵੀਂ ਦਿੱਲੀ, 7 ਜਨਵਰੀ : ਪਾਕਿਸਤਾਨ 2019 'ਚ ਟੈਸਟ ਮੈਚ ਹਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਦਖਣੀ ਅਫ਼ਰੀਕਾ ਨੇ ਕੇਪਟਾਊਨ ਦੇ ਨਿਊਲੈਂਡਸ ਕ੍ਰਿਕਟ ਮੈਦਾਨ 'ਚ ਖੇਡੇ ਜਾ ਰਹੇ ਦੂਜੇ ਟੈਸਟ 'ਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿਤਾ ਹੈ, ਇਸ ਦੇ ਨਾਲ ਹੀ ਫਾਫ ਡੂ ਪਲੇਸਿਸ ਦੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦਾ ਵਾਧਾ ਹਾਸਲ ਕਰ ਲਿਆ ਹੈ । ਦੱਖਣੀ ਅਫ਼ਰੀਕਾ ਦੇ ਸਾਹਮਣੇ ਪਾਕਿਸਤਾਨ ਨੇ 41 ਦੌੜਾਂ ਦਾ ਟੀਚਾ ਰਖਿਆ ਸੀ ਜਿਸ ਨੂੰ ਉਸ ਨੇ ਇਕ ਵਿਕਟ ਗੁਆ ਕੇ ਹਾਸਲ ਕਰ ਲਿਆ।

ਸਾਊਥ ਅਫਰੀਕਾ ਨੇ ਆਪਣੀ ਦੂਜੀ ਪਾਰੀ 'ਚ 9.5 ਓਵਰ ਬੱਲੇਬਾਜ਼ੀ ਕਰਦੇ ਹੋਏ ਟੀਡੀ ਬਰੁਅਨ (4) ਦਾ ਵਿਕਟ ਗੁਆਇਆ ਤਾਂ ਹਾਸ਼ਿਮ ਅਮਲਾ 2 ਦੌੜਾਂ ਦੇ ਸਕੋਰ ਨਾਲ ਰਿਟਾਇਰਡ ਹਰਟ ਹੋਏ ਜਦਕਿ ਡੀਨ ਐਲਗਰ (24) ਅਤੇ ਕਪਤਾਨ ਫਾਫ ਡੂ ਪਲੇਸਿਸ (3) ਅਜੇਤੂ ਪਰਤੇ। ਪਾਕਿਸਤਾਨ ਨੂੰ ਇਕਮਾਤਰ ਸਫ਼ਲਤਾ ਮੁਹੰਮਦ ਅੱਬਾਸ ਨੇ ਦਿਵਾਈ। ਜਦਕਿ ਪਹਿਲੀ ਪਾਰੀ 'ਚ ਸੈਂਕੜਾ ਠੋਕਣ ਵਾਲੇ ਡੂ ਪਲੇਸਿਸ ਨੂੰ ਹੀ ਮੈਨ ਆਫ਼ ਦਿ ਮੈਚ ਚੁਣਿਆ ਗਿਆ।ਦਖਣੀ ਅਫ਼ਰੀਕਾ ਨੇ ਪਾਕਿਸਤਾਨ ਨੂੰ ਪਹਿਲੀ ਪਾਰੀ 'ਚ ਸਿਰਫ 177 ਦੌੜਾਂ 'ਤੇ ਢੇਰ ਕਰ ਦਿਤਾ ਸੀ ਅਤੇ ਆਪਣੀ ਪਹਿਲੀ ਪਾਰੀ 'ਚ 431 ਦੌੜਾਂ ਬਣਾ ਕੇ 254 ਦੌੜਾਂ ਦਾ ਵਾਧਾ ਹਾਸਲ ਕੀਤਾ।

ਮੇਜ਼ਬਾਨ ਟੀਮ ਨੇ ਤੀਜੇ ਦਿਨ ਸਨੀਚਰਵਾਰ ਨੂੰ ਪਾਕਿਸਤਾਨ ਨੂੰ 294 ਦੌੜਾਂ 'ਤੇ ਆਲ ਆਊਟ ਕਰ ਦਿਤਾ ਜਿਸ ਨਾਲ ਉਸ ਨੂੰ ਸਿਰਫ 41 ਦੌੜਾਂ ਦਾ ਟੀਚਾ ਮਿਲਿਆ। ਪਾਕਿਸਤਾਨ ਲਈ ਸਭ ਤੋਂ ਜ਼ਿਆਦਾ 88 ਦੌੜਾਂ ਅਸਦ ਸ਼ਫ਼ੀਕ ਨੇ ਬਣਾਈਆਂ ਜਿਸ ਦੇ ਲਈ ਉਨ੍ਹਾਂ ਨੇ 118 ਗੇਂਦਾਂ ਦਾ ਸਾਹਮਣਾ ਕੀਤਾ ਅਤੇ 12 ਚੌਕੇ ਅਤੇ 1 ਛੱਕਾ ਲਗਾਇਆ। ਬਾਬਰ ਆਜ਼ਮ ਨੇ 87 ਗੇਂਦਾਂ 'ਤੇ 15 ਚੌਕਿਆਂ ਦੀ ਮਦਦ ਨਾਲ 72 ਦੌੜਾਂ ਬਣਾਈਆਂ। ਇਨ੍ਹਾਂ ਦੋਹਾਂ ਤੋਂ ਇਲਾਵਾ ਸ਼ਾਨ ਮਸੂਦ ਨੇ 61 ਦੌੜਾਂ ਦੀ ਪਾਰੀ ਖੇਡੀ।ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਦੇ ਦਮ 'ਤੇ ਪਾਕਿਸਤਾਨੀ ਟੀਮ ਦੂਜੀ ਪਾਰੀ 'ਚ 250 ਦੌੜਾਂ ਤਕ ਪਹੁੰਚੀ ਸੀ।  (ਪੀਟੀਆਈ)