ਈਰਾਨ ਮਹਿਲਾ ਆਈਸ ਹਾਕੀ : ਤਿੰਨ ਸਾਲ ਪਹਿਲਾਂ ਨਹੀਂ ਸੀ ਜਿਸ ਟੀਮ ਦੀ ਹੋਂਦ ਅੱਜ ਬਟੋਰ ਰਹੀ ਹੈ ਸੁਰਖ਼ੀਆਂ 

ਏਜੰਸੀ

ਖ਼ਬਰਾਂ, ਖੇਡਾਂ

ਹਾਂਗਕਾਂਗ 'ਚ ਕਰਵਾਏ ਏਸ਼ੀਆ ਕੱਪ 'ਚ ਹਾਸਲ ਕੀਤਾ ਚਾਂਦੀ ਦਾ ਤਮਗ਼ਾ 

Representational image

ਸਕੇਟਿੰਗ ਕੋਰਟ 'ਚ ਅਭਿਆਸ, ਟਿਕਟ-ਵੀਜ਼ਾ ਲਈ ਖ਼ੁਦ ਪੈਸੇ ਇਕੱਠੇ ਕਰ ਜਿਤਿਆ ਤਮਗ਼ਾ 

ਤੇਹਰਾਨ : ਕਹਿੰਦੇ ਹਨ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਲ ਸਰ ਕੀਤੀ ਜਾ ਸਕਦੀ ਹੈ ਬਸ ਇਕਾਗਰਚਿਤ ਹੋ ਕੇ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਈਰਾਨ ਦੀ ਮਹਿਲਾ ਆਈਸ ਹਾਕੀ ਟੀਮ ਨੇ ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ। ਤਿੰਨ ਸਾਲ ਪਹਿਲਾਂ ਤਕ ਈਰਾਨ ਕੋਲ ਕੋਈ ਮਹਿਲਾ ਆਈਸ ਹਾਕੀ ਟੀਮ ਨਹੀਂ ਸੀ ਪਰ ਪਿਛਲੇ ਮਹੀਨੇ ਈਰਾਨੀ ਟੀਮ ਨੇ ਏਸ਼ੀਅਨ ਆਈਸ ਹਾਕੀ ਦੇ ਫ਼ਾਈਨਲ ਵਿਚ ਪਹੁੰਚ ਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿਤਾ ਸੀ। ਬੇਸ਼ਕ ਉਹ ਫ਼ਾਈਨਲ ਵਿਚ ਥਾਈਲੈਂਡ ਤੋਂ 13-1 ਨਾਲ ਹਾਰ ਗਈ ਸੀ, ਪਰ ਉਸ ਦੀ ਖੇਡ ਨੇ ਸਾਰਿਆਂ ਨੂੰ ਦੀਵਾਨਾ ਬਣਾ ਦਿਤਾ ਸੀ।

ਜਿਸ ਟੀਮ ਦੀ ਤਿੰਨ ਸਾਲ ਪਹਿਲਾਂ ਤਕ ਹੋਂਦ ਨਹੀਂ ਸੀ ਉਸ ਟੀਮ ਦੀਆਂ ਖਿਡਾਰਨਾਂ ਨੇ ਅਪਣੀਆਂ ਟਿਕਟਾਂ ਅਤੇ ਵੀਜ਼ੇ ਦੇ ਪੈਸਿਆਂ ਦਾ ਇੰਤਜ਼ਾਮ ਵੀ ਖ਼ੁਦ ਕੀਤਾ ਸੀ। ਜਿਸ ਤੋਂ ਬਾਅਦ ਹੀ ਉਹ ਬੈਂਕਾਕ ਵਿਚ ਹੋਈ ਆਈ.ਆਈ.ਐਚ.ਐਫ਼. ਮਹਿਲਾ ਏਸ਼ੀਆ ਅਤੇ ਓਸੀਆਨਾ ਚੈਂਪੀਅਨਸ਼ਿਪ ਵਿਚ ਖੇਡਣ ਦੇ ਯੋਗ ਹੋ ਗਏ ਸਨ।
8 ਦੇਸ਼ਾਂ ਦੇ ਇਸ ਟੂਰਨਾਮੈਂਟ ਦਾ ਆਗ਼ਾਜ਼ ਈਰਾਨੀ ਟੀਮ ਇੰਡੀਆ ਨੂੰ 17-1 ਨਾਲ ਹਰਾ ਕੇ ਕੀਤਾ। ਈਰਾਨੀ ਟੀਮ ਕੁਵੈਤ ਨੂੰ 20-0 ਅਤੇ ਕਿਰਗਿਸਤਾਨ ਨੂੰ 26-0 ਨਾਲ ਹਰਾ ਕੇ ਕੁਆਰਟਰ ਫ਼ਾਈਨਲ ਵਿੱਚ ਪਹੁੰਚੀ। ਇਸ ਵਿਚ ਈਰਾਨ ਨੇ ਯੂ.ਏ.ਈ. ਨੂੰ 14-0 ਨਾਲ ਹਰਾਇਆ। ਈਰਾਨ ਸੈਮੀਫ਼ਾਈਨਲ 'ਚ ਸਿੰਗਾਪੁਰ ਨੂੰ 3-0 ਨਾਲ ਹਰਾ ਕੇ ਫ਼ਾਈਨਲ 'ਚ ਪਹੁੰਚ ਗਿਆ। ਈਰਾਨ ਨੇ ਵੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਥਾਈਲੈਂਡ ਨੂੰ ਸਖ਼ਤ ਟੱਕਰ ਦਿਤੀ।ਮੈਚ ਦੇ ਜ਼ਿਆਦਾਤਰ ਸਮੇਂ ਤਕ ਸਕੋਰ 1-1 ਨਾਲ ਬਰਾਬਰ ਰਿਹਾ ਪਰ ਥਾਈਲੈਂਡ ਨੇ ਆਖ਼ਰੀ ਕੁਝ ਮਿੰਟਾਂ ਵਿਚ ਦੋ ਗੋਲ ਕੀਤੇ। ਇਸ ਤਰ੍ਹਾਂ ਥਾਈਲੈਂਡ ਈਰਾਨ ਨੂੰ 3-1 ਨਾਲ ਹਰਾ ਕੇ ਚੈਂਪੀਅਨ ਬਣਿਆ।

ਇਹ ਵੀ ਪੜ੍ਹੋ: ਚਰਚਾ 'ਚ ਹੈ ਨਵੇਂ ਸੰਸਦ ਭਵਨ ’ਚ ਲੱਗਾ ‘ਅਖੰਡ ਭਾਰਤ’ ਦਾ ਕੰਧ-ਚਿੱਤਰ, ਬੰਗਲਾਦੇਸ਼ ਵਲੋਂ ਇਤਰਾਜ਼

ਈਰਾਨ ਦੀ ਮਹਿਲਾ ਆਈਸ ਹਾਕੀ ਟੀਮ ਦੇ ਕਪਤਾਨ ਅਤੇ ਉਪ-ਕੋਚ ​​ਆਜ਼ਮ ਸਨੇਈ ਦਾ ਕਹਿਣਾ ਹੈ 2019 ਵਿਚ ਤੇਹਰਾਨ ਵਿਚ ਈਰਾਨ ਮਾਲ ਖੋਲ੍ਹਿਆ ਗਿਆ ਸੀ, ਜਿਥੇ ਸਕੇਟਿੰਗ ਦੀਆਂ ਸਹੂਲਤਾਂ ਸਨ। ਇਨ੍ਹਾਂ ਸਕੇਟਰਾਂ ਤੋਂ ਮਹਿਲਾ ਆਈਸ ਹਾਕੀ ਟੀਮ ਦਾ ਗਠਨ ਕੀਤਾ ਗਿਆ। ਅਪਣੇ ਖ਼ਰਚੇ 'ਤੇ ਹੀ ਅਭਿਆਸ ਕੀਤਾ। ਇਸ ਤੋਂ ਪਹਿਲਾਂ ਈਰਾਨ ਵਿਚ ਆਈਸ ਹਾਕੀ ਬਾਰੇ ਲੋਕਾਂ ਨੂੰ ਪਤਾ ਵੀ ਨਹੀਂ ਸੀ। ਇਥੋ ਤਕ ਕਿ ਹਾਕੀ ਵੀ ਇਥੇ ਬਹੁਤੀ ਮਸ਼ਹੂਰ ਨਹੀਂ ਹੈ।

ਇਥੇ ਪੁਰਸ਼ਾਂ ਦੇ ਮੈਚਾਂ ਲਈ ਔਰਤਾਂ ਨੂੰ ਸਟੇਡੀਅਮ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ। ਉਥੇ ਪਹਿਲੀ ਵਾਰ ਮਹਿਲਾ ਟੂਰਨਾਮੈਂਟ ਦਾ ਈਰਾਨ ਦੇ ਰਾਸ਼ਟਰੀ ਟੀ.ਵੀ. 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਪੂਰੇ ਦੇਸ਼ ਨੇ ਏਸ਼ੀਅਨ ਆਈਸ ਚੈਂਪੀਅਨਸ਼ਿਪ ਵਿਚ ਅਪਣੇ ਦੇਸ਼ ਦੀ ਜਿੱਤ ਅਤੇ ਹਾਰ ਨੂੰ ਦੇਖਿਆ। ਫ਼ਰਾਂਸ ਦੇ ਸਕੀਮਾ ਬਿਜ਼ਨਸ ਸਕੂਲ ਵਿਚ ਖੇਡਾਂ ਅਤੇ ਭੂ-ਰਾਜਨੀਤਿਕ ਅਰਥ ਸ਼ਾਸਤਰ ਦੇ ਪ੍ਰੋਫੈਸਰ ਸਾਈਮਨ ਚੈਡਵਿਕ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਇਸ ਨਾਲ ਈਰਾਨ 'ਚ ਔਰਤਾਂ ਦੀਆਂ ਖੇਡਾਂ ਦਾ ਭਵਿੱਖ ਬਦਲ ਜਾਵੇਗਾ।