''ਮਹਿੰਦਰ ਸਿੰਘ ਧੋਨੀ ਵਨ-ਡੇ ਕ੍ਰਿਕਟ ਨੂੰ ਜਲਦੀ ਹੀ ਕਹਿ ਸਕਦੇ ਹਨ ਅਲਵਿਦਾ'

ਏਜੰਸੀ

ਖ਼ਬਰਾਂ, ਖੇਡਾਂ

ਧੋਨੀ ਨੇ ਜੁਲਾਈ 2019 ਤੋਂ ਬਾਅਦ ਹੁਣ ਤੱਕ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ

File Photo

ਨਵੀਂ ਦਿੱਲੀ : ਭਾਰਟੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਰਿਟਾਇਰਮੈਂਟ ਨੂੰ ਲੈ ਕੇ ਵੱਡੀ ਗੱਲ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਰਵੀ ਸ਼ਾਸ਼ਤਰੀ ਨੇ ਦੱਸਿਆ ਹੈ ਕਿ ਮਹਿੰਦਰ ਸਿੰਘ ਧੋਨੀ ਜਲਦੀ ਹੀ ਆਪਣੇ ਵਨ-ਡੇ ਕਰਿਅਰ ਨੂੰ ਅਲਵਿਦਾ ਕਹਿ ਸਕਦੇ ਹਨ।

ਦਰਅਸਲ ਇਕ ਟੀਵੀ ਇੰਟਰਵੀਊ ਦੇ ਦੌਰਾਨ ਪੁੱਛੇ ਗਏ ਸਵਾਲ ਦਾ ਉੱਤਰ ਦਿੰਦਿਆ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਧੋਨੀ ਲੰਬੇ ਸਮੇਂ ਤੋਂ ਕ੍ਰਿਕਟ ਦੇ ਤਿੰਨ ਫਾਰਮੈਟਾਂ ਵਿਚ ਖੇਡ ਰਹੇ ਸਨ ਫਿਰ ਉਨ੍ਹਾਂ ਨੇ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਈ ਅਤੇ ਹੁਣ ਉਹ ਵਨ-ਡੇ ਕ੍ਰਿਕਟ ਨੂੰ ਵੀ ਛੱਡ ਸਕਦੇ ਹਨ। ਸ਼ਾਸਤਰੀ ਨੇ ਅੱਗੇ ਕਿਹਾ ਕਿ ਇਸ ਉੱਮਰ ਵਿਚ ਧੋਨੀ ਸਿਰਫ ਟੀ-20 ਕ੍ਰਿਕਟ ਹੀ ਖੇਡ ਸਕਦੇ ਹਨ।

ਰਵੀ ਸ਼ਾਸਤਰੀ ਨੇ ਇਕ ਸਵਾਲ ਦੇ ਜਵਾਬ ਦੌਰਾਨ ਕਿਹਾ ਕਿ ''ਮਹਿੰਦਰ ਸਿੰਘ ਧੋਨੀ ਦਾ ਟੀ-20 ਕਰਿਅਰ ਅਜੇ ਜਿਊਂਦਾ ਹੈ। ਉਹ ਇਸ ਵਾਰ ਆਈਪੀਐਲ ਵਿਚ ਵੀ ਖੇਡਣਗੇ''। ਕੋਚ ਸ਼ਾਸਤਰੀ ਨੇ ਦੱਸਿਆ ਕਿ ''ਮੈ ਧੋਨੀ ਦੇ ਬਾਰੇ ਇਕ ਗੱਲ ਜਾਣਦਾ ਹਾਂ ਕਿ ਉਹ ਖੁਦ ਨੂੰ ਟੀਮ ਦੇ ਉੱਤੇ ਕਦੇ ਵੀ ਥੋਪਦੇ ਨਹੀਂ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਖੇਡਣਾ ਜਾਰੀ ਨਹੀਂ ਰੱਖ ਸਕਦੇ ਤਾਂ ਟੈਸਟ ਕ੍ਰਿਕਟ ਦੀ ਤਰ੍ਹਾਂ ਕਹਿ ਦੇਣਗੇ ਕਿ ਮੈ ਹੁਣ ਬਹੁਤ ਕ੍ਰਿਕਟ ਖੇਡ ਚੁੱਕਿਆਂ ਹਾਂ''।

ਧੋਨੀ ਨੇ ਜੁਲਾਈ 2019 ਤੋਂ ਬਾਅਦ ਹੁਣ ਤੱਕ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ ਪਰ ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਵੀ ਕੋਈ ਗੱਲ ਸਿੱਧੇ ਤੌਰ 'ਤੇ ਨਹੀਂ ਕੀਤੀ ਹੈ। ਰਵੀ ਸ਼ਾਸਤਰੀ ਨੇ ਇਹ ਵੀ ਕਿ ਜੇਕਰ ਉਹ ਆਈਪੀਐਲ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਇਸ ਦਾ ਸਿੱਧਾਂ ਮਤਲਬ ਹੋਵੇਗਾ ਕਿ ਉਹ ਅੱਗੇ ਵੀ ਕ੍ਰਿਕਟ ਖੇਡਣਾ ਜਾਰੀ ਰੱਖ ਸਕਦੇ ਹਨ।

ਦੱਸ ਦਈਏ ਕਿ ਇਸੇ ਸਾਲ ਅਸਟ੍ਰੇਲੀਆ ਵਿਚ ਟੀ-20 ਵਿਸ਼ਵ ਕੱਪ ਵੀ ਖੇਡਿਆ ਜਾਣਾ ਹੈ ਅਤੇ ਰਵੀ ਸ਼ਾਸਤਰੀ ਦੇ ਦਿੱਤੇ ਸੰਕੇਤਾ ਤੋਂ ਇਹ ਸਾਫ ਸਮਝਿਆ ਜਾ ਸਕਦਾ ਹੈ ਕਿ ਮਹਿੰਦਰ ਸਿੰਘ ਧੋਨੀ ਟੀ-20 ਵਰਲਡ ਕੱਪ ਦੌਰਾਨ ਭਾਰਤੀ ਟੀਮ ਦਾ ਹਿੱਸਾ ਹੋ ਸਕਦੇ ਹਨ।