ਵਿਸ਼ਵ ਕ੍ਰਿਕਟ ਕੱਪ 2019: ਅੱਜ ਦਾ ਮੁਕਾਬਲਾ ਸਾਊਥ ਅਫ਼ਰੀਕਾ ਬਨਾਮ ਵੈਸਟ ਇੰਡੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੱਖਣੀ ਅਫ਼ਰੀਕਾ ਦੀ ਟੀਮ ਵਿਸ਼ਵ ਕੱਪ 2019 ਦੇ ਇਕ ਅਹਿਮ ਮੈਚ ਵਿਚ ਅੱਜ ਹੈਂਪਸ਼ਾਇਰ ਬਾਲ ਮੈਦਾਨ ‘ਤੇ ਵੈਸਟ ਇੰਡੀਜ਼ ਦਾ ਸਾਹਮਣਾ ਕਰੇਗੀ।

South Africa vs West Indies

ਸਾਉਥਮਪਟਨ: ਦੱਖਣੀ ਅਫ਼ਰੀਕਾ ਦੀ ਟੀਮ ਵਿਸ਼ਵ ਕੱਪ 2019 ਦੇ ਇਕ ਅਹਿਮ ਮੈਚ ਵਿਚ ਅੱਜ ਹੈਂਪਸ਼ਾਇਰ ਬਾਲ ਮੈਦਾਨ ‘ਤੇ ਵੈਸਟ ਇੰਡੀਜ਼ ਦਾ ਸਾਹਮਣਾ ਕਰੇਗੀ। ਵਿਸ਼ਵ ਕੱਪ -2019 ਵਿਚ ਦੱਖਣੀ ਅਫ਼ਰੀਕਾ ਦੀ ਟੀਮ ਲਗਾਤਾਰ ਤਿੰਨ ਵਾਰ ਹਾਰ ਚੁਕੀ ਹੈ ਅਤੇ ਉਹ ਵੈਸਟ ਇੰਡੀਜ਼ ਵਿਰੁੱਧ ਜਿੱਤ ਦਰਜ ਕਰ ਕੇ ਟੂਰਨਾਮੈਂਟ ਵਿਚ ਅਪਣੇ ਹਾਰ ਦੇ ਸਿਲਸਿਲੇ ਨੂੰ ਤੋੜਨਾ ਚਾਹੁੰਦੀ ਹੈ।

ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿਚ ਪਹੁੰਚਣ ਲਈ ਦੱਖਣੀ ਅਫਰੀਕਾ ਦੀ ਟੀਮ ਲਈ ਇਹ ਜਿੱਤ ਬਹੁਤ ਮਹੱਤਵਪੂਰਨ ਹੈ। ਦੂਜੇ ਪਾਸੇ ਵੈਸਟ ਇੰਡੀਜ਼ ਨੇ ਇਸ ਟੂਰਨਾਮੈਂਟ ਵਿਚ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਟੀਮ ਨੂੰ ਹੁਣ ਤੱਕ ਦੋ ਮੈਚਾਂ ਵਿਚ ਜਿੱਤ ਅਤੇ ਇਕ ਵਿਚ ਹਾਰ ਮਿਲੀ ਹੈ। ਪਾਕਿਸਤਾਨ ਨੂੰ ਪਹਿਲੇ ਮੈਚ ਵਿਚ ਸੱਤ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਵੈਸਟ ਇੰਡੀਜ਼ ਨੇ ਦਮਦਾਰ ਸ਼ੁਰੂਆਤ ਕੀਤੀ ਸੀ। ਹਾਲਾਂਕਿ ਦੂਜੇ ਮੈਚ ਵਿਚ ਇਸ ਟੀਮ ਨੂੰ ਆਸਟ੍ਰੇਲੀਆ ਵਿਰੁੱਧ 15 ਦੌੜਾਂ ਨਾਲ ਹਾਰ ਵੇਖਣੀ ਪਈ ਸੀ।

ਦੱਖਣੀ ਅਫ਼ਰੀਕਾ ਨੂੰ ਇੰਗਲੈਂਡ, ਬੰਗਲਾਦੇਸ਼ ਅਤੇ ਭਾਰਤ ਵਿਰੁੱਧ ਹੋਏ ਤਿੰਨਾਂ ਮੁਕਾਬਲਿਆਂ ਵਿਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮੈਚਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਦੱਖਣੀ ਅਫ਼ਰੀਕਾ ਵਿਰੁੱਧ ਵੈਸਟ ਇੰਡੀਜ਼ ਨੂੰ ਹੀ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ ਵਿਚ ਹਾਲਾਂਕਿ ਹੁਣ ਤੱਕ ਇਹ ਦੋਵੇਂ ਟੀਮਾਂ ਛੇ ਵਾਰ ਸਾਹਮਣੇ ਹੋਈਆਂ ਹਨ। ਇਹਨਾਂ ਛੇ ਮੈਚਾਂ ਵਿਚੋਂ ਚਾਰ ਮੈਚ ਦੱਖਣੀ ਅਫ਼ਰੀਕਾ ਨੇ ਜਿੱਤੇ ਅਤੇ ਦੋ ਮੈਚਾਂ ਵਿਚ ਵੈਸਟ ਇੰਡੀਜ਼ ਨੂੰ ਜਿੱਤ ਹਾਸਿਲ ਹੋਈ।