ਜਾਣੋ ਬੇਨ ਸਟੋਕਸ ਕਦੋਂ ਤੇ ਕਿਸ ਟੀਮ ਵਿਰੁਧ ਕਰਨਗੇ ਵਾਪਸੀ?
ਰੌਬ ਕੀ ਨੇ ਬੇਨ ਸਟੋਕਸ ਦੇ ਕ੍ਰਿਕਟ ’ਚ ਭਵਿੱਖ ਬਾਰੇ ਇਕ ਵੱਡਾ ਦਿਤਾ ਅਪਡੇਟ
ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਬੰਧ ਨਿਰਦੇਸ਼ਕ ਅਤੇ ਸਾਬਕਾ ਬੱਲੇਬਾਜ਼ ਰੌਬ ਕੀ ਨੇ ਸਟਾਰ ਆਲਰਾਊਂਡਰ ਬੇਨ ਸਟੋਕਸ ਦੇ ਚਿੱਟੀ ਗੇਂਦ ਦੇ ਕ੍ਰਿਕਟ ਵਿਚ ਭਵਿੱਖ ਬਾਰੇ ਇਕ ਵੱਡਾ ਅਪਡੇਟ ਦਿਤਾ ਹੈ। ਉਨ੍ਹਾਂ ਕਿਹਾ ਕਿ ਸਟੋਕਸ ਨੇੜਲੇ ਭਵਿੱਖ ਵਿਚ ਸੀਮਤ ਓਵਰਾਂ ਦੇ ਫਾਰਮੈਟ ਵਿਚ ਨਹੀਂ ਖੇਡਣਗੇ। ਰੌਬ ਦੇ ਅਨੁਸਾਰ, ਇਸ ਸਮੇਂ ਤਰਜੀਹ ਇਹ ਹੈ ਕਿ ਸਟੋਕਸ ਪੂਰੀ ਤਰ੍ਹਾਂ ਫਿੱਟ ਹੋ ਜਾਣ ਤੇ ਟੈਸਟ ਮੈਚਾਂ ਵਿਚ ਇੱਕ ਆਲਰਾਊਂਡਰ ਦੀ ਭੂਮਿਕਾ ਨਿਭਾ ਸਕਣ।
ਰੌਬ ਕੀ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਉਹ ਨੇੜਲੇ ਭਵਿੱਖ ਵਿਚ ਖੇਡੇਗਾ। ਇਸ ਸਮੇਂ ਸਾਡਾ ਪੂਰਾ ਧਿਆਨ ਬੇਨ ਨੂੰ ਪੂਰੀ ਤਰ੍ਹਾਂ ਫਿੱਟ ਕਰਨ ’ਤੇ ਹੈ। ਸਾਡੇ ਤੇਜ਼ ਗੇਂਦਬਾਜ਼ੀ ਕੋਚ ਨੀਲ ਕਿਲੀਨ ਉਸ ਨਾਲ ਕੰਮ ਕਰ ਰਹੇ ਹਨ ਤੇ ਬੇਨ ਇਸ ਸਮੇਂ 75 ਫ਼ੀ ਸਦੀ ਫਿੱਟ ਹੈ ਤੇ ਉਸ ਨੇ ਗੇਂਦਬਾਜ਼ੀ ਵੀ ਸ਼ੁਰੂ ਕਰ ਦਿਤੀ ਹੈ। ਰੌਬ ਕੀ ਦੇ ਅਨੁਸਾਰ, ਇੰਗਲੈਂਡ ਪ੍ਰਬੰਧਨ 22 ਮਈ ਤੋਂ ਸ਼ੁਰੂ ਹੋਣ ਵਾਲੀ ਜ਼ਿੰਬਾਬਵੇ ਵਿਰੁਧ ਟੈਸਟ ਲੜੀ ਲਈ ਆਪਣੇ ਟੈਸਟ ਕਪਤਾਨ ਨੂੰ ਤਿਆਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਟੋਕਸ ਇਕ ਮਹਾਨ ਕਪਤਾਨ ਅਤੇ ਬੱਲੇਬਾਜ਼ ਹੈ, ਪਰ ਸਾਨੂੰ ਇਕ ਅਸਲੀ ਆਲਰਾਊਂਡਰ ਦੇ ਤੌਰ ’ਤੇ ਉਸ ਦੀ ਲੋੜ ਹੈ। ਇਕ ਅਜਿਹਾ ਖਿਡਾਰੀ ਜੋ ਬੱਲੇ ਅਤੇ ਗੇਂਦ ਦੋਵਾਂ ਨਾਲ ਯੋਗਦਾਨ ਪਾ ਸਕੇ। ਇਹ ਸਾਡਾ ਟੀਚਾ ਹੈ। ਰੌਬ ਨੇ ਕਿਹਾ ਜੇਕਰ ਉਹ ਫਿੱਟ ਰਹਿੰਦਾ ਹੈ ਅਤੇ ਵਧੀਆ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਨੂੰ ਵਾਪਸੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਜੇਕਰ ਕੋਈ ਖਿਡਾਰੀ ਦੇਸ਼ ਦੇ ਸਭ ਤੋਂ ਵਧੀਆ ਖਿਡਾਰੀਆਂ ’ਚੋਂ ਇਕ ਹੈ, ਤਾਂ ਉਹ ਕਦੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਹੁੰਦਾ।