ਦੋ ਵਿਸ਼ਵ ਕੱਪਾਂ ਨੂੰ ਲੈ ਕੇ ਕੋਈ ਦਬਾਅ ਨਹੀਂ : ਦੀਪਾ ਕਰਮਾਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਸਟਾਰ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਅਜ਼ਰਬੇਜਾਨ ਦੇ ਕਾਬੂ ਅਤੇ ਕਤਰ ਦੇ ਦੋਹਾ ਵਿਚ ਹੋਣ ਜਾ ਰਹੇ ਦੋ ਵਿਸ਼ਵ ਕੱਪ ਵਿਚ ਆਪਣਾ ਸੋ ਫੀਸਦੀ ਦੇਣ ਲਈ ਤਿਆਰ ਹੈ।

Dipa Karmarkar

ਨਵੀਂ ਦਿੱਲੀ : ਭਾਰਤ ਦੀ ਸਟਾਰ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਅਜ਼ਰਬੇਜਾਨ ਦੇ ਕਾਬੂ ਅਤੇ ਕਤਰ ਦੇ ਦੋਹਾ ਵਿਚ ਹੋਣ ਜਾ ਰਹੇ ਦੋ ਵਿਸ਼ਵ ਕੱਪ ਵਿਚ ਆਪਣਾ ਸੋ ਫੀਸਦੀ ਦੇਣ ਲਈ ਤਿਆਰ ਹੈ। ਉਹਨਾਂ ਨੇ ਕਿਹਾ ਹੈ ਕਿ ਹਰ ਟੂਰਨਾਮੈਂਟ ਮੁਸ਼ਕਲ ਹੁੰਦਾ ਹੈ, ਪਰ ਉਹ ਕਦੀ ਵੀ ਦਬਾਅ ਮਹਿਸੂਸ ਨਹੀਂ ਕਰਦੀ।

14 ਮਾਰਚ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਦੀਪਾ ਨੇ ਕਿਹਾ, ‘ਮੇਰੀ ਟ੍ਰੇਨਿੰਗ ਵਧੀਆ ਚੱਲ ਰਹੀ ਹੈ। ਮੈਂ ਅਗਰਤਲਾ ਵਿਚ ਅਭਿਆਸ ਕਰ ਰਹੀ ਹਾਂ। ਮੈਂ ਉੱਥੇ ਵਧੀਆ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੀ’। ਦੀਪਾ ਲਈ ਹਰ ਟੂਰਨਾਮੈਂਟ ਇਕੋ ਜਿਹਾ ਹੈ। ਉਹਨਾਂ ਨੇ ਕਿਹਾ, ‘ਖਿਡਾਰੀਆਂ ਦਾ ਪ੍ਰਦਰਸ਼ਨ ਜਾਂ ਉੱਪਰ ਜਾਂਦਾ ਹੈ ਜਾਂ ਹੇਠਾਂ ਆਉਂਦਾ ਹੈ।

ਇਹ ਹਮੇਸ਼ਾਂ ਤੋਂ ਅਜਿਹਾ ਹੀ ਰਿਹਾ ਹੈ। ਉਦਾਹਰਣ ਦੇ ਤੋਰ ‘ਤੇ ਮੈਂ ਏਸ਼ੀਆਈ ਖੇਡਾਂ ਵਿਚ ਬਹੁਤ ਵਧੀਆ ਨਹੀਂ ਕੀਤਾ..... ਉਸਦੇ ਕਾਰਨ ਜੋ ਵੀ ਰਹੇ ਹੋਣ’। ਬੀਤੇ ਸਾਲ ਜਕਾਰਤਾ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਦੀਪਾ ਨੂੰ ਪੰਜਵਾਂ ਸਥਾਨ ਮਿਲਿਆ ਸੀ।

ਉਸਨੇ ਕਿਹਾ, ‘ ਪਰ ਮੇਰੇ ਉੱਤੇ ਕੋਈ ਦਬਾਅ ਨਹੀਂ ਹੈ। ਮੈ ਆਪਣਾ ਪ੍ਰਦਰਸ਼ਨ ਵਧੀਆ ਕਰਾਂਗੀ। ਪਹਿਲਾਂ ਮੈਨੂੰ ਆਪਣੇ ਆਪ ਨੂੰ ਸੰਤੁਸ਼ਟ ਕਰਨਾ ਹੋਵੇਗਾ’। ਦੀਪਾ ਨੂੰ ਦੋ ਸਾਲ ਤੱਕ ਸੱਟ ਵੱਜਣ ਕਾਰਨ ਬਾਹਰ ਹੀ ਬੈਠਣਾ ਪਿਆ ਸੀ। 2017 ਵਿਚ ਉਹਨਾਂ ਨੇ ਲਿਗਾਮੇਂਟ ਸਰਜਰੀ ਕਰਵਾਈ ਸੀ।

ਇਸ ‘ਤੇ ਦੀਪਾ ਨੇ ਕਿਹਾ, ‘ਮੈਂ ਉਸ ਦੌਰਾਨ ਅਭਿਆਸ ਨਹੀਂ ਕਰ ਸਕੀ... ਇਕ ਖਿਡਾਰੀ ਲਈ ਮੈਦਾਨ ਤੋਂ ਬਾਹਰ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ’। ਰਿਓ ਓਲੰਪਿਕਸ-2016 ਵਿਚ ਦੀਪਾ ਮੈਡਲ ਦੇ ਬਹੁਤ ਨੇੜੇ ਜਾ ਕੇ ਖੁੰਝ ਗਈ ਸੀ, ਉਸੇ ਸਮੇਂ ਉਸ ਨੇ ਦੇਸ਼ ਵਿਚ ਸੁਰਖੀਆਂ ‘ਚ ਰਹੀ ਸੀ। ਉਹਨਾਂ ਨੇ ਦੇਸ਼ ਵਿਚ ਜਿਮਨਾਸਟਿਕ ਨੂੰ ਇਕ ਪਹਿਚਾਨ ਦਿੱਤੀ ਸੀ।

ਇਸ ਤੋਂ ਬਾਅਦ ਦੀਪਾ ਨੂੰ ਕਈ ਸਨਮਾਨ ਮਿਲੇ। ਦੀਪਾ ਨੂੰ ਬਾਰਬੀ ਬ੍ਰਾਂਡ ਨੇ 9 ਮਾਰਚ ਨੂੰ ਆਪਣੀ 60ਵੀਂ ਵਰੇਗੰਢ ‘ਤੇ ਤੋਹਫ਼ੇ ਵਿਚ ਇਕ ਬਾਰਬੀ ਡਾਲ ਦਿੱਤੀ ਹੈ। ਇਸ ‘ਤੇ ਦੀਪਾ ਨੇ ਕਿਹਾ, ‘ ਮੈਂ ਇਸ  ਸਨਮਾਨ ਲਈ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੁੰਦੀ ਹਾਂ। ਇਸ ਨੂੰ ਪਾ ਕੇ ਮੈਂ ਬਹੁਤ ਖੁਸ਼ ਹਾਂ। ਮੈਨੂੰ ਬਾਰਬੀ ਡਾਲ ਚੰਗੀ ਲੱਗਦੀ ਹੈ’।

 ਆਪਣੇ ਜੀਵਨ ‘ਤੇ ਫ਼ਿਲਮ ਬਾਰੇ ਪੁੱਛੇ ਜਾਣ ‘ਤੇ ਦੀਪਾ ਨੇ ਕਿਹਾ, ‘ ਇਸ ਬਾਰੇ ਮੇਰੇ ਕੋਚ ਬਿਸ਼ਵੇਸ਼ਵਰ ਨੰਦੀ ਸਰ  ਹੀ ਜਾਣਦੇ ਹੋਣਗੇ। ਜੇਕਰ ਸਰ ਚਾਹੁੰਦੇ ਹਨ ਕਿ ਮੇਰੇ ਜੀਵਨ ‘ਤੇ ਕੋਈ ਫ਼ਿਲਮ ਬਣੇ ਤਾਂ ਅਜਿਹਾ ਹੀ ਹੋਵੇਗਾ’।