ਏਸ਼ੀਆ ਕੱਪ ਦਾ ਪ੍ਰੋਗਰਾਮ ਤੈਅ, ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ : ਧੂਮਲ

ਏਜੰਸੀ

ਖ਼ਬਰਾਂ, ਖੇਡਾਂ

ਪਾਕਿਸਤਾਨ ਮੀਡੀਆ ’ਚ ਚਲ ਰਹੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ

Arun Dhumal

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਕਾਰ ਏਸ਼ੀਆ ਕੱਪ ਦਾ ਬਹੁਚਰਚਿਤ ਮੈਚ ਸ੍ਰੀਲੰਕਾ ’ਚ ਹੋਵੇਗਾ ਕਿਉਂਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਆਈ.ਪੀ.ਐਲ. ਚੇਅਰਮੈਨ ਅਰੁਣ ਧੂਮਲ ਨੇ ਬੁਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।

ਧੂਮਲ ਇਸ ਸਮੇਂ ਡਰਬਨ ’ਚ ਆਈ.ਸੀ.ਸੀ. ਮੁੱਖ ਕਾਰਜਕਾਰੀਆਂ ਦੀ ਬੈਠਕ ਲਈ ਗਏ ਹਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਅਤੇ ਪੀ.ਸੀ.ਬੀ. ਪ੍ਰਮੁੱਖ ਜਾਕਾ ਅਸ਼ਰਫ਼ ਦੀ ਵੀਰਵਾਰ ਨੂੰ ਹੋਣ ਵਾਲੀ ਆਈ.ਸੀ.ਸੀ. ਬੋਰਡ ਦੀ ਬੈਠਕ ਤੋਂ ਪਹਿਲਾਂ ਮੁਲਾਕਾਤ ਹੋਈ ਤਾਕਿ ਏਸ਼ੀਆ ਕੱਪ ਦਾ ਪ੍ਰੋਗਰਾਮ ਤੈਅ ਹੋ ਸਕੇ।

ਇਹ ਵੀ ਪੜ੍ਹੋ: ਹਵਾਈ ਫ਼ੌਜ ਨੇ ਕੱਢੀ ਅਗਨੀਵੀਰਾਂ ਲਈ ਭਰਤੀ, ਜਾਣੋ ਅਹਿਮ ਤਰੀਕਾਂ ਅਤੇ ਯੋਗਤਾ ਸ਼ਰਤਾਂ 

ਧੂਮਲ ਨੇ ਡਰਬਨ ਤੋਂ ਕਿਹਾ, ‘‘ਸਾਡੇ ਸਕੱਤਰ ਨੇ ਪੀ.ਸੀ.ਬੀ. ਮੁਖੀ ਜਾਕਾ ਅਸ਼ਰਫ਼ ਨਾਲ ਮੁਲਾਕਾਤ ਕੀਤੀ ਅਤੇ ਏਸ਼ੀਆ ਕੱਪ ਦੇ ਪ੍ਰੋਗਰਾਮ ਨੂੰ ਅੰਤਮ ਰੂਪ ਦਿਤਾ ਗਿਆ। ਇਹ ਉਸੇ ਅਨੁਸਾਰ ਹੈ ਜਿਸ ’ਤੇ ਪਹਿਲਾਂ ਗੱਲ ਕੀਤੀ ਗਈ ਸੀ। ਪਾਕਿਸਤਾਨ ’ਚ ਲੀਗ ਪੜਾਅ ਦੌਰਾਨ ਚਾਰ ਮੈਚ ਹੋਣਗੇ ਜਿਸ ਤੋਂ ਬਾਅਦ 9 ਮੈਚ ਸ੍ਰੀਲੰਕਾ ’ਚ ਹੋਣਗੇ। ਇਸ ’ਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਸ਼ਾਮਲ ਹੈ। ਦੋਵੇਂ ਟੀਮਾਂ ਫ਼ਾਈਨਲ ਖੇਡਦੀਆਂ ਹਨ ਤਾਂ ਉਹ ਵੀ ਸ੍ਰੀਲੰਕਾ ’ਚ ਹੋਵੇਗਾ।’’

ਉਨ੍ਹਾਂ ਪਾਕਿਸਤਾਨ ਮੀਡੀਆ ’ਚ ਚਲ ਰਹੀਆਂ ਖ਼ਬਰਾਂ ਨੂੰ ਖ਼ਾਰਜ ਕਰ ਦਿਤਾ ਕਿ ਭਾਰਤੀ ਟੀਮ ਪਾਕਿਸਤਾਨ ਜਾਵੇਗੀ। ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜਾਰੀ ਦੇ ਹਵਾਲੇ ਨਾਲ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ। ਧੂਮਲ ਨੇ ਕਿਹਾ, ‘‘ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਭਾਰਤੀ ਟੀਮ ਜਾਂ ਸਾਡੇ ਸਕੱਤਰ ਪਾਕਿਸਤਾਨ ਨਹੀਂ ਜਾਣਗੇ। ਸਿਰਫ਼ ਪ੍ਰੋਗਰਾਮ ਤੈਅ ਕੀਤਾ ਗਿਆ ਹੈ।’’
 

ਭਾਰਤੀ ਟੀਮ ਸ੍ਰੀਲੰਕਾ ਦੇ ਦਾਂਬੁਲਾ ’ਚ ਪਾਕਿਸਤਾਨ ਨਾਲ ਖੇਡ ਸਕਦੀ ਹੈ। ਪਾਕਿਸਤਾਨ ਦਾ ਅਪਣੀ ਧਰਤੀ ’ਤੇ ਇਕੋ-ਇਕ ਘਰੇਲੂ ਮੈਚ ਨੇਪਾਲ ਵਿਰੁਧ ਹੋਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ’ਚ ਅਫ਼ਗਾਨਿਸਤਾਨ ਬਨਾਮ ਬੰਗਲਾਦੇਸ਼, ਬੰਗਲਾਦੇਸ਼ ਬਨਾਮ ਸ੍ਰੀਲੰਕਾ ਅਤੇ ਸ੍ਰੀਲੰਕਾ ਬਨਾਮ ਅਫ਼ਗਨਿਸਤਾਨ ਮੈਚ ਹੋਣਗੇ।