ਪਦਮ ਐਵਾਰਡਾਂ ਲਈ ਇਨ੍ਹਾਂ 9 ਖਿਡਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੂਚੀ 'ਚ ਕੋਈ ਵੀ ਮਰਦ ਸ਼ਾਮਲ ਨਹੀਂ

Mary Kom, 8 Women Athletes In Line For Padma Awards

ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਭਾਰਤ ਸਰਕਾਰ (ਗ੍ਰਹਿ ਮੰਤਰਾਲਾ ਦੀ ਪਦਮ ਐਵਾਰਡ ਕਮੇਟੀ) ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਐਵਾਰਡਾਂ ਲਈ 9 ਖਿਡਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼ ਭੇਜੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੂਚੀ 'ਚ ਇਕ ਵੀ ਮਰਦ ਖਿਡਾਰੀ ਦਾ ਨਾਂ ਸ਼ਾਮਲ ਨਹੀਂ ਹੈ। ਭਾਰਤ ਦੇ ਖੇਡ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਔਰਤ ਦੇ ਨਾਂ ਦੀ ਸਿਫ਼ਾਰਸ਼ ਪਦਮ ਵਿਭੂਸ਼ਣ ਲਈ ਕੀਤੀ ਗਈ ਹੈ।

6 ਵਾਰ ਦੀ ਵਿਸ਼ਵ ਚੈਂਪੀਅਨ ਮਹਿਲਾ ਬਾਕਸਰ ਐਮ.ਸੀ. ਮੈਰੀਕਾਮ ਨੂੰ ਪਦਮ ਵਿਭੂਸ਼ਣ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਸਨਮਾਨ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਮਹਿਲਾ ਐਥਲੀਟ ਬਣ ਗਈ ਹੈ। ਮੈਰੀਕਾਮ ਨੂੰ ਸਾਲ 2006 'ਚ ਪਦਮ ਸ੍ਰੀ ਅਤੇ 2013 'ਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਸਟਾਰ ਸ਼ਟਲਰ ਪੀ.ਵੀ. ਸਿੰਧੂ ਨੂੰ ਪਦਮ ਭੂਸ਼ਣ ਲਈ ਨਾਮਜ਼ਦ ਕੀਤਾ ਗਿਆ। 

ਮੈਰੀਕਾਮ ਅਤੇ ਪੀ.ਵੀ. ਸਿੰਧੂ ਤੋਂ ਇਲਾਵਾ ਜਿਨ੍ਹਾਂ 7 ਮਹਿਲਾ ਖਿਡਾਰੀਆਂ ਦੇ ਨਾਂ ਪਦਮ ਸ੍ਰੀ ਐਵਾਰਡ ਲਈ ਭੇਜੇ ਗਏ ਹਨ, ਉਨ੍ਹਾਂ 'ਚ ਰੈਸਲਰ ਵਿਨੇਸ਼ ਫ਼ੋਗਾਟ, ਟੇਬਲ ਟੈਨਿਸ ਸਟਾਰ ਮਾਨਿਕਾ ਬੱਤਰਾ, ਟੀ20 ਕਪਤਾਨ ਹਰਮਨਪ੍ਰੀਤ ਕੌਰ, ਹਾਕੀ ਕਪਤਾਨ ਰਾਨੀ ਰਾਮਪਾਲ, ਸਾਬਕਾ ਸ਼ੂਟਰ ਸੂਮਾ ਸ਼ਿਰੂਰ ਅਤੇ ਮਾਊਂਟੇਨਰ ਜੁੜਵਾ ਭੈਣਾਂ ਤਾਸ਼ੀ ਤੇ ਨੁਨਗਸ਼ੀ ਮਲਿਕਾ ਦੇ ਨਾਂ ਸ਼ਾਮਲ ਹਨ।

ਮੈਰੀਕਾਮ 6 ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਇਕਲੌਤੀ ਬਾਕਸਰ ਹੈ। ਉਹ 7 ਵਿਸ਼ਵ ਚੈਂਪੀਅਨਸ਼ਿਪਾਂ 'ਚ ਤਮਗ਼ਾ ਜਿੱਤਣ ਵਾਲੀ ਵੀ ਪਹਿਲਾ ਬਾਕਸਰ ਹਨ। 36 ਸਾਲਾ ਮੈਰੀਕਾਮ ਪਦਮ ਵਿਭੂਸ਼ਣ ਪਾਉਣ ਵਾਲੀ ਚੌਥੀ ਖਿਡਾਰੀ ਹੋਵੇਗੀ। ਇਸ ਤੋਂ ਪਹਿਲਾਂ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ (2007), ਕ੍ਰਿਕਟਰ ਸਚਿਨ ਤੇਂਦੁਲਕਰ (2008) ਅਤੇ ਪਰਬਤਾਰੋਹੀ ਸਰ ਐਡਮੰਡ ਹਿਲੈਰੀ (2008) ਨੂੰ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ। 

ਦੂਜੇ ਪਾਸੇ ਪੀ.ਵੀ. ਸਿੰਧੂ ਨੇ ਇਸ ਸਾਲ ਬੀ.ਡਬਲਿਊ. ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਆਪਣੇ ਨਾਂ ਕੀਤਾ ਸੀ। ਉਹ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ। ਹੈਦਰਾਬਾਦ ਦੀ 24 ਸਾਲਾ ਸਿੰਧੂ ਨੂੰ ਸਾਲ 2015 'ਚ ਪਦਮਸ੍ਰੀ ਨਾਲ ਸਨਮਾਨਤ ਕੀਤਾ ਗਿਆ ਸੀ। ਐਵਾਰਡ ਜੇਤੂਆਂ ਦੇ ਨਾਵਾਂ ਦਾ ਐਲਾਨ ਅਗਲੇ ਸਾਲ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਕੀਤੀ ਜਾਵੇਗੀ।