ਕੈਂਸਰ ਨਾਲ ਜੂਝ ਰਹੇ ਸਟਾਰ ਲੀ ਚੋਂਗ ਵੇਈ ਨੇ ਲਿਆ ਸੰਨਿਆਸ

ਏਜੰਸੀ

ਖ਼ਬਰਾਂ, ਖੇਡਾਂ

ਲੀ ਚੋਂਗ ਨੇ ਸਾਲ 2008 ਦੀ ਬੀਜਿੰਗ ਓਲੰਪਿਕ, 2012 ਦੇ ਲੰਦਨ ਓਲੰਪਿਕ ਅਤੇ 2016 ਦੇ ਰਿਓ ਓਲੰਪਿਕ 'ਚ ਦੂਜਾ ਥਾਂ ਹਾਸਲ ਕੀਤਾ ਸੀ।

Malaysian badminton icon Lee Chong Wei announces retirement

ਮਲੇਸ਼ੀਆ : ਤਿੰਨ ਵਾਰ ਦੇ ਓਲੰਪਿਕ ਚਾਂਦੀ ਤਮਗ਼ਾ ਜੇਤੂ ਮਲੇਸ਼ੀਆ ਦੇ ਸਟਾਰ ਬੈਡਮਿੰਟਨ ਖਿਡਾਰੀ ਲੀ ਚੋਂਗ ਵੇਈ ਨੇ ਵੀਰਵਾਰ ਨੂੰ ਬੈਡਮਿੰਟਨ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਲੀ ਚੋਂਗ ਨੂੰ ਪਿਛਲੇ ਸਾਲ ਨੱਕ 'ਚ ਕੈਂਸਰ ਹੋ ਗਿਆ ਸੀ। ਲੀ ਚੋਂਗ ਇਸ ਦਾ ਇਲਾਜ ਕਰਵਾਉਣ ਲਈ ਤਾਇਵਾਨ ਗਏ ਸਨ। ਉਹ ਇਸੇ ਸਾਲ ਜਨਵਰੀ 'ਚ ਆਪਣਾ ਇਲਾਜ ਕਰਵਾ ਕੇ ਦੇਸ਼ ਵਾਪਸ ਪਰਤੇ ਸਨ। ਲੀ ਚੋਂਗ ਮਲੇਸ਼ੀਆ ਦੇ ਸਟਾਰ ਖਿਡਾਰੀ ਹਨ।

ਲੀ ਚੋਂਗ ਨੇ ਪੱਤਰਕਾਰ ਸੰਮੇਲਨ ਦੌਰਾਨ ਭਾਵੁਕ ਹੁੰਦਿਆਂ ਕਿਹਾ, "ਮੈਂ 19 ਸਾਲ ਦੇ ਆਪਣੇ ਕਰੀਅਰ ਦਾ ਅੱਜ ਅੰਤ ਕਰ ਰਿਹਾ ਹਾਂ ਅਤੇ ਇਸ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਇਹ ਮੇਰੇ ਲਈ ਕਾਫ਼ੀ ਮੁਸ਼ਕਲ ਭਰਿਆ ਫ਼ੈਸਲਾ ਹੈ ਪਰ ਪਿਛਲੇ ਮਹੀਨੇ ਜਾਪਾਨ 'ਚ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਮੇਰੇ ਕੋਲ ਦੂਜਾ ਕੋਈ ਰਸਤਾ ਨਹੀਂ ਸੀ।"

ਲੀ ਚੋਂਗ ਨੇ ਆਪਣੀ ਪਤਨੀ ਵੋਂਗ ਮਿਓ ਚੂ ਅਤੇ ਅਪਣੇ ਦੋ ਬੱਚਿਆਂ ਦਾ ਵੀ ਧਨਵਾਦ ਕੀਤਾ। ਉਨ੍ਹਾਂ ਦੀ ਪਤਨੀ ਵੀ ਸਾਬਕਾ ਬੈਡਮਿੰਟਨ ਖਿਡਾਰੀ ਰਹਿ ਚੁੱਕੀ ਹੈ ਅਤੇ ਉਸ ਨੇ ਐਸਈਏ ਖੇਡਾਂ 'ਚ ਸਿੰਗਲ ਵਰਗ 'ਚ 2 ਸੋਨ ਤਮਗੇ ਜਿੱਤੇ ਹਨ। ਲੀ ਚੋਂਗ ਨੇ ਕਿਹਾ ਕਿ ਹੁਣ ਉਹ ਆਰਾਮ ਕਰਨਗੇ ਅਤੇ ਆਪਣੇ ਪਰਵਾਰ ਨਾਲ ਸਮਾਂ ਬਤੀਤ ਕਰਨਗੇ।

ਜ਼ਿਕਰਯੋਗ ਹੈ ਕਿ ਲੀ ਚੋਂਗ ਨੇ ਸਾਲ 2008 ਦੀ ਬੀਜਿੰਗ ਓਲੰਪਿਕ, 2012 ਦੇ ਲੰਦਨ ਓਲੰਪਿਕ ਅਤੇ 2016 ਦੇ ਰਿਓ ਓਲੰਪਿਕ 'ਚ ਦੂਜਾ ਥਾਂ ਹਾਸਲ ਕੀਤਾ ਸੀ। ਉਹ ਇਸ ਸਾਲ ਮਾਰਚ 'ਚ ਹੋਏ ਇੰਗਲੈਂਡ ਟੂਰਨਾਮੈਂਟ ਅਤੇ ਅਪ੍ਰੈਲ 'ਚ ਮਲੇਸ਼ੀਆ ਓਪਨ 'ਚ ਹਿੱਸਾ ਲੈਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਡਾਕਟਰਾਂ ਨੇ ਇਸ ਲਈ ਮਨਜੂਰੀ ਨਾ ਦਿੱਤੀ।