ਭਾਰਤ ਦੀ ਦੱਖਣ ਅਫ਼ਰੀਕਾ ਵਿਰੁਧ ਸੱਭ ਤੋਂ ਵੱਡੀ ਜਿੱਤ

ਏਜੰਸੀ

ਖ਼ਬਰਾਂ, ਖੇਡਾਂ

ਇਕ ਪਾਰੀ ਤੇ 137 ਦੌੜਾਂ ਨਾਲ ਹਰਾਇਆ ; ਭਾਰਤ ਨੇ ਲਗਾਤਾਰ 11ਵੀਂ ਘਰੇਲੂ ਲੜੀ ਜਿੱਤੀ

2nd test : India beat South Africa by an innings and 137 runs

ਪੁਣੇ : ਭਾਰਤ ਨੇ ਪੁਣੇ 'ਚ ਖੇਡੇ ਗਏ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਮੈਚ 'ਚ ਦੱਖਣ ਅਫ਼ਰੀਕਾ ਨੂੰ ਪਾਰੀ ਅਤੇ 137 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਟੀ ਟੀਮ ਨੇ ਲੜੀ 'ਚ 2-0 ਦੀ ਅਜੇਤੂ ਲੀਡ ਲੈ ਲਈ ਹੈ। ਪਾਰੀ ਦੇ ਹਿਸਾਲ ਨਾਲ ਭਾਰਤ ਦੀ ਦੱਖਣ ਅਫ਼ਰੀਕਾ ਵਿਰੁਧ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣ ਅਫ਼ਰੀਕਾ ਨੂੰ ਸਾਲ 2008 'ਚ ਪਾਰੀ ਅਤੇ 90 ਦੌੜਾਂ ਨਾਲ ਹਰਾਇਆ ਸੀ। ਭਾਰਤੀ ਟੀਮ ਦੇ ਘਰੇਲੂ ਮੈਦਾਨ 'ਚ ਇਹ ਲਗਾਤਾਰ 11ਵੀਂ ਜਿੱਤ ਹੈ। ਪਿਛਲੀ ਵਾਰ ਸਾਲ 2012 'ਚ ਇੰਗਲੈਂਡ ਨੇ ਹਰਾਇਆ ਸੀ। ਪਹਿਲੀ ਪਾਰੀ 'ਚ ਅਜੇਤੂ 254 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਨੂੰ 'ਮੈਨ ਆਫ਼ ਦੀ ਮੈਚ' ਦਾ ਐਵਾਰਡ ਮਿਲਿਆ।

ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ 'ਚ 5 ਵਿਕਟਾਂ ਗੁਆ ਕੇ 601 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਦੱਖਣ ਅਫ਼ਰੀਕੀ ਟੀਮ ਪਹਿਲੀ ਪਾਰੀ 'ਚ 275 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਫ਼ਾਲੋਆਨ ਖੇਡਦਿਆਂ ਦੂਜੀ ਪਾਰੀ 'ਚ ਅਫ਼ਰੀਕੀ ਟੀਮ ਸਿਰਫ਼ 189 ਦੌੜਾਂ ਹੀ ਬਣਾ ਸਕੀ। ਦੋਵਾਂ ਟੀਮਾਂ ਵਿਚਕਾਰ ਲੜੀ ਦਾ ਅੰਤਮ ਮੈਚ 19 ਅਕਤੂਬਰ ਨੂੰ ਰਾਂਚੀ 'ਚ ਹੋਵੇਗਾ। ਪਹਿਲਾ ਟੈਸਟ ਮੈਚ ਭਾਰਤ ਨੇ 203 ਦੌੜਾਂ ਨਾਲ ਜਿੱਤਿਆ ਸੀ।

ਟੈਸਟ ਕ੍ਰਿਕਟ ਦੇ ਇਤਿਹਾਸ 'ਚ ਅੱਜ ਤਕ ਅਜਿਹਾ ਨਹੀਂ ਹੋਇਆ ਹੈ ਜਦੋਂ ਕਿਸੇ ਟੀਮ ਨੇ ਆਪਣੇ ਘਰ 'ਚ ਲਗਾਤਾਰ 11 ਟੈਸਟ ਲੜੀ ਜਿੱਤੀ ਹੋਵੇ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਅਤੇ ਭਾਰਤ ਦੇ ਨਾਂ ਸੰਯੁਕਤ ਰੂਪ ਨਾਲ ਸੀ ਪਰ ਹੁਣ ਭਾਰਤ ਨੇ ਆਸਟ੍ਰੇਲੀਆ ਨੂੰ ਪਿੱਛੇ ਛੱਡ ਦਿੱਤਾ ਹੈ। ਆਸਟ੍ਰੇਲੀਆ ਨੇ ਦੋ ਵਾਰ ਲਗਾਤਾਰ 10-10 ਲੜੀ ਜਿੱਤੀ ਹੈ।

ਪਹਿਲੇ ਸਾਲ 1994/95-2000/01 ਵਿਚਕਾਰ ਆਸਟ੍ਰੇਲੀਆ ਨੇ ਇਹ ਕਾਰਨਾਮਾ ਕੀਤਾ ਸੀ। ਉਸ ਤੋਂ ਬਾਅਦ ਆਸਟ੍ਰੇਲੀਆ ਨੇ ਫਿਰ ਸਾਲ 2004-2008/09 ਵਿਚਕਾਰ ਇਹ ਕਾਰਨਾਮਾ ਕੀਤਾ ਸੀ। ਤੀਜੇ ਨੰਬਰ 'ਤੇ ਲਗਾਤਾਰ ਘਰੇਲੂ ਲੜੀ ਜਿੱਤਣ ਦੇ ਮਾਮਲੇ 'ਚ ਵੈਸਟਇੰਡੀਜ਼ ਹੈ, ਜਿਸ ਨੇ ਸਾਲ 1975/76-1985/86 ਵਿਚਕਾਰ ਲਗਾਤਾਰ 8 ਲੜੀ ਜਿੱਤੀ ਸੀ।