ਅਫ਼ਗ਼ਾਨਾਂ ਵਿਰੁਧ ਪਹਿਲਾ ਸੈਂਕੜਾ ਲਗਾਉਣ ਵਾਲਾ ਖਿਡਾਰੀ ਬਣਿਆ ਧਵਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ  ਦੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੇ ਇਤਿਹਾਸ ਰਚ ਦਿਤਾ.....

Shikhar Dhawan

ਨਵੀਂ ਦਿੱਲੀ,  : ਭਾਰਤੀ ਟੀਮ  ਦੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੇ ਇਤਿਹਾਸ ਰਚ ਦਿਤਾ। 'ਗੱਬਰ' ਨੇ ਅਫ਼ਗ਼ਾਨਿਸਤਾਨ ਵਿਰੁਧ ਚੱਲ ਰਹੇ ਇਤਿਹਾਸਕ ਟੈਸਟ ਮੈਚ ਦੇ ਪਹਿਲੇ ਦਿਨ ਜੰਮ ਕੇ ਗੇਂਦਬਾਜ਼ਾਂ ਦੀ ਧੁਲਾਈ ਕੀਤੀ। ਅਫ਼ਗਾਨੀ ਗੇਂਦਬਾਜ਼ਾਂ ਦੀ ਜ਼ੋਰਦਾਰ ਧੁਲਾਈ ਕਰਦਿਆਂ ਧਵਨ ਨੇ ਨਾ ਸਿਰਫ਼ ਸੈਂਕੜਾ ਲਗਾਇਆ, ਸਗੋਂ ਟੈਸਟ ਮੈਚ 'ਚ ਇਕ ਅਜਿਹਾ ਰੀਕਾਰਡ ਬਣਾ ਦਿਤਾ, ਜਿਸ ਨੂੰ ਦੁਨੀਆ ਦਾ ਕੋਈ ਵੀ ਬੱਲੇਬਾਜ਼ ਨਹੀਂ ਤੋੜ ਸਕੇਗਾ।

96 ਗੇਂਦਾਂ 'ਤੇ ਖੇਡੀ ਗਈ ਅਪਣੀ 107 ਦੌੜਾਂ ਦੀ ਪਾਰੀ ਦੌਰਾਨ ਉਸ ਨੇ ਇਕ ਅਜਿਹਾ ਕੀਰਤੀਮਾਨ ਸਥਾਪਤ ਕੀਤਾ, ਜਿਸ ਨੂੰ ਦੁਨੀਆ ਦਾ ਕੋਈ ਵੀ ਖਿਡਾਰੀ ਛੂਹ ਵੀ ਨਹੀਂ ਸਕੇਗਾ। 18 ਚੌਕਿਆਂ ਅਤੇ 3 ਛਿੱਕਿਆਂ ਨਾਲ ਸਜੀ ਉਸ ਦੀ ਪਾਰੀ ਦੌਰਾਨ ਧਵਨ ਅਫ਼ਗ਼ਾਨਿਸਤਾਨ ਵਿਰੁਧ ਟੈਸਟ ਕ੍ਰਿਕਟ 'ਚ ਸੈਂਕੜਾ ਜੜਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਅਫ਼ਗ਼ਾਨਿਸਤਾਨ ਵਿਰੁਧ ਇਸ ਤੋਂ ਬਾਅਦ ਮੁਰਲੀ ਵਿਜੇ ਨੇ ਵੀ ਸੈਂਕੜਾ ਲਗਾਇਆ ਅਤੇ ਇਸ ਮੈਚ ਦੌਰਾਨ ਹੋਰ ਵੀ ਸੈਂਕੜੇ ਲੱਗ ਸਕਦੇ ਹਨ ਪਰ ਇਸ ਟੀਮ ਵਿਰੁਧ ਪਹਿਲਾ ਸੈਂਕੜਾ ਜੜਨ ਦਾ ਰੀਕਾਰਡ ਇਸ ਖੱਬੇ ਹੱਥ ਦੇ ਬੱਲੇਬਾਜ਼ ਦੇ ਨਾਮ ਹੀ ਰਹੇਗਾ।

ਮੈਚ ਦੀ ਸ਼ੁਰੂਆਤ ਤੋਂ ਹੀ ਸ਼ਿਖ਼ਰ ਧਵਨ ਅੱਜ ਅਲੱਗ ਹੀ ਰੰਗ 'ਚ ਨਜ਼ਰ ਆਇਆ। ਉਸ ਨੇ ਸ਼ੁਰੂ ਤੋਂ ਹੀ ਅਫ਼ਗਾਨੀ ਗੇਂਦਬਾਜ਼ਾਂ 'ਤੇ ਦਬਾਅ ਬਣਾਉਂਦਿਆਂ ਬੱਲੇਬਾਜ਼ੀ ਕੀਤੀ। ਵਿਰਾਟ ਕੋਹਲੀ ਦੀ ਗ਼ੈਰ-ਮੌਜੂਦਗੀ 'ਚ ਟੀਮ ਦੀ ਕਮਾਨ ਸੰਭਾਲ ਰਹੇ ਅਜਿੰਕੇ ਰਹਾਣੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲ ਕੀਤਾ ਪਰ ਪਾਰੀ ਦੇ 10ਵੇਂ ਓਵਰ 'ਚ ਹੀ ਧਵਨ ਨੂੰ ਜੀਵਨਦਾਨ ਮਿਲ ਗਿਆ। ਅਫ਼ਗਾਨੀ ਗੇਂਦਬਾਜ਼ ਵਫ਼ਾਦਾਰ ਦੀ ਗੇਂਦ ਬੱਲੇ ਦਾ ਕਿਨਾਰਾ ਲੈਂਦਿਆਂ ਵਿਕਟ ਕੀਪਰ ਅਹਿਮਦ ਸ਼ਹਿਜਾਦ ਦੇ ਦਸਤਾਨਿਆਂ 'ਤੇ ਜਾ ਸਮਾਈ।

ਜ਼ੋਰਦਾਰ ਅਪੀਲ ਹੋਣ ਦੇ ਬਾਵਜੂਦ ਅੰਪਾਇਰ ਨੇ ਨਾ ਤਾਂ ਆਊਟ ਕੀਤਾ ਅਤੇ ਨਾ ਹੀ ਅਫ਼ਗਾਨੀ ਟੀਮ ਨੇ ਡੀ.ਆਰ.ਐਸ. ਦਾ ਸਹਾਰਾ ਲਿਆ। ਜਦੋਂ ਇਹ ਘਟਨਾ ਘਟੀ ਤਾਂ ਸ਼ਿਖ਼ਰ 23 ਦੌੜਾਂ ਬਣਾ ਕੇ ਖੇਡ ਰਿਹਾ ਸੀ। ਇਹ ਗ਼ਲਤੀ ਅਫ਼ਗ਼ਾਨਿਸਤਾਨ ਨੂੰ ਇੰਨੀ ਭਾਰੀ ਪਈ ਕਿ ਧਵਨ ਨੇ 47 ਗੇਂਦਾਂ 'ਤੇ ਅਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਸੈਂਕੜਾ ਬਣਾਉਣ ਲਈ ਮਹਿਜ਼ 87 ਗੇਂਦਾਂ ਖ਼ਰਚ ਕੀਤੀਆਂ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤ ਨੇ 6 ਵਿਕਟਾਂ ਗਵਾ ਕੇ 347 ਦੌੜਾਂ ਬਣਾ ਲਈ ਸਨ।  (ਏਜੰਸੀ)