18ਵੀਆਂ ਏਸ਼ੀਆ ਖੇਡਾਂ ਭਲਕੇ ਸ਼ੁਰੂ, 45 ਦੇਸ਼ਾਂ ਦੇ ਖਿਡਾਰੀ ਹੋਣਗੇ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਡੋਨੇਸ਼ੀਆ ਵਿਚ ਸਨਿਚਰਵਾਰ ਤੋਂ ਏਸ਼ੀਆਈ ਦੇਸ਼ਾਂ ਦਾ ਖੇਡ ਮਹਾਂਕੁੰਭ ਸ਼ੁਰੂ ਹੋਣ ਵਾਲਾ ਵਾਲਾ ਹੈ..................

18th Asian Games Jakarta

ਜਕਾਰਤਾ : ਇੰਡੋਨੇਸ਼ੀਆ ਵਿਚ ਸਨਿਚਰਵਾਰ ਤੋਂ ਏਸ਼ੀਆਈ ਦੇਸ਼ਾਂ ਦਾ ਖੇਡ ਮਹਾਂਕੁੰਭ ਸ਼ੁਰੂ ਹੋਣ ਵਾਲਾ ਵਾਲਾ ਹੈ। ਇਸ ਦੇ ਲਈ ਸਟੇਜ ਪੂਰੀ ਤਰ੍ਹਾਂ ਸਜ ਚੁੱਕਿਆ ਹੈ। ਮਹਾਂ ਮੁਕਾਬਲੇ ਦਾ ਆਗਾਜ਼ ਉਦਘਾਟਨ ਸਮਾਰੋਹ ਦੇ ਨਾਲ ਹੋਵੇਗਾ। ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ 5 ਵਜੇ ਜਕਾਰਤਾ ਦੇ ਜੀਬੀਕੇ ਮੇਨ ਸਟੇਡੀਅਮ ਵਿਚ ਇਹ ਖੇਡ ਮਹਾਂਕੁੰਭ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੇ 45 ਦੇਸ਼ਾਂ ਦੇ ਹਜ਼ਾਰਾਂ ਖਿਡਾਰੀ ਸ਼ਾਮਲ ਹੋਣਗੇ। ਭਾਰਤ ਤੋਂ ਇਸ ਵਾਰ 800 ਤੋਂ ਜ਼ਿਆਦਾ ਮੈਂਬਰੀ ਟੀਮ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਜਾ ਰਹੀ ਹੈ ਜੋ 36 ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰੇਗੀ।

ਨੇਜਾ ਸੁੱਟਣ ਵਾਲੇ ਖਿਡਾਰੀ ਨੀਰਜ ਚੋਪੜਾ ਭਾਰਤੀ ਟੀਮ ਦੇ ਝੰਡਾ ਬਰਦਾਰ ਹੋਣਗੇ। ਦੋ ਸਤੰਬਰ ਤਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਕੁੱਲ 45 ਦੇਸ਼ ਹਿੱਸਾ ਲੈ ਰਹੇ ਹਨ। ਇਹ ਖਿਡਾਰੀ 40 ਖੇਡਾਂ ਦੇ 465 ਈਵੈਂਟ ਵਿਚ ਤਮਗ਼ਿਆਂ ਲਈ ਭਿੜਨਗੇ। ਹਰਿਆਣਾ ਦੀ 16 ਸਾਲਾਂ ਦੀ ਸਕੂਲੀ ਵਿਦਿਆਰਥਣ ਮਨੂ ਭਾਕਰ ਜੋ ਨਿਸ਼ਾਨੇਬਾਜ਼ੀ ਵਿਚ ਮਾਹਿਰ ਹੈ, ਨੇ ਪਿਛਲੇ ਸਾਲ ਜ਼ਬਰਦਸਤ ਪ੍ਰਦਰਸ਼ਨ ਕਰਕੇ ਸੁਰਖੀਆਂ ਹਾਸਲ ਕੀਤੀਆਂ ਸਨ। ਆਈਐਸਐਸਐਫ ਵਿਸ਼ਵ ਕੱਪ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਮਨੂ ਸਭ ਤੋਂ ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਬਣੀ।

ਉਸ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਵੀ ਸੋਨ ਤਮਗ਼ਾ ਜਿੱਤਿਆ ਸੀ ਅਤੇ 10 ਮੀਟਰ ਏਅਰ ਪਿਸਟਲ ਵਿਚ ਪ੍ਰਬਲ ਦਾਅਵੇਦਾਰ ਹੈ। ਉਸ ਤੋਂ ਫਿਰ ਚੰਗੀ ਉਮੀਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕੁਸ਼ਤੀ ਵਿਚ ਸੁਸ਼ੀਲ ਕੁਮਾਰ ਜੋ ਭਾਰਤ ਦੇ ਸਭ ਤੋਂ ਸਫ਼ਲ ਓਲੰਪਿਅਨਾਂ ਵਿਚੋਂ ਇਕ ਹਨ, 'ਤੇ ਕਾਫ਼ੀ ਦਬਾਅ ਹੋਵੇਗਾ। ਜਾਰਜੀਆ ਵਿਚ ਨਾਕਾਮੀ ਤੋਂਬਾਅਦ ਲੋਕ ਸਵਾਲ ਉਠਾਉਣ ਲੱਗੇ ਕਿ ਏਸ਼ੀਆਡ ਟ੍ਰਾਇਲ ਤੋਂ ਉਨ੍ਹਾਂ ਨੂੰ ਛੋਟ ਕਿਉਂ ਦਿਤੀ ਗਈ। ਦੋ ਵਾਰ ਦੇ ਓਲੰਪਿਕ ਮੈਡਲ ਵਿਜੇਤਾ ਅਪਣੀ ਪਹਿਲਾਂ ਵਾਲੀ ਕਾਰਗੁਜ਼ਾਰੀ ਦਿਖਾਉਣ ਲਈ ਬੇਤਾਬ ਹੋਣਗੇ। ਜਾਰਜੀਆ ਵਿਚ ਉਹ ਫਲਾਪ ਰਹੇ ਸਨ।

ਇਸੇ ਤਰ੍ਹਾਂ ਹਰਿਆਣਾ ਇਕ ਹੋਰ ਪਹਿਲਵਾਨ ਬਜਰੰਗ ਪੂਨੀਆ 'ਤੇ ਵੀ ਨਜ਼ਰ ਰਹੇਗੀ। ਹਰਿਆਣਾ ਦੇ 24 ਸਾਲਾ ਪਹਿਲਵਾਨ ਨੇ ਇੰਚਿਓਨ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਇਹ ਪਹਿਲਵਾਨ 65 ਕਿਲੋ ਫਰੀਸਟਾਈਲ ਵਿਚ ਤਮਗ਼ੇ ਦਾ ਦਾਅਵੇਦਾਰ ਹੈ ਅਤੇ ਇਸ ਸਾਲ ਤਿੰਨ ਟੂਰਨਾਮੈਂਟ ਜਿੱਤ ਚੁੱਕਿਆ ਹੈ। ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤੋਂ ਇਲਾਵਾ ਉਨ੍ਹਾਂ ਨੇ ਜਾਰਜੀਆ ਅਤੇ ਇਸਤਾਂਬੁਲ ਵਿਚ ਦੋ ਟੂਰਨਾਮੈਂਟ ਜਿੱਤੇ। ਵਿਨੇਸ਼ ਫੋਗਾਟ ਜੋ ਰਿਓ ਓਲੰਪਿਕ ਵਿਚ ਪੈਰ ਦੀ ਸੱਟ ਦੀ ਸ਼ਿਕਾਰ ਹੋਈ ਸੀ, ਫਿਰ ਤੋਂ ਵਾਪਸੀ ਕਰ ਰਹੀ ਹੈ।

ਉਸ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਮਗ਼ਾ ਅਤੇ ਮੈਡ੍ਰਿਡ ਵਿਚ ਸਪੇਨ ਗ੍ਰਾਂ ਪ੍ਰੀ ਜਿੱਤੀ। ਉਹ 50 ਕਿਲੋ ਵਿਚ ਤਮਗ਼ੇ ਦੀ ਮਜ਼ਬੂਤ ਦਾਅਵੇਦਾਰ ਹੋਵੇਗੀ। ਇਸੇ ਤਰ੍ਹਾਂ ਗੋਲਡ ਕੋਸਟ ਵਿਚ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਮਨਿਕਾ ਰਾਸ਼ਟਰ ਮੰਡਲ ਖੇਡਾਂ ਦੀ ਸਟਾਰ ਰਹੀ। ਜਕਾਰਤਾ ਵਿਚ ਮੁਕਾਬਲੇਬਾਜ਼ੀ ਜ਼ਿਆਦਾ ਸਖ਼ਤ ਹੋਵੇਗੀ ਪਰ ਉਹ ਵੀ ਪੂਰੀ ਤਿਆਰੀ ਦੇ ਨਾਲ ਗਈ ਹੈ। ਐਥਲੈਟਿਕਸ ਵਿਚ ਅਸਾਮ ਦੀ ਹਿਮਾ ਦਾਸ ਨੇ ਆਈਏਏਐਫ ਟ੍ਰੈਕ ਅਤੇ ਫੀਲਡ ਮੁਕਾਬਲੇਬਾਜ਼ੀ ਵਿਚ 400 ਮੀਟਰ ਵਿਚ ਸੋਨੇ ਦਾ ਤਮਗ਼ਾ ਜਿੱਤਿਆ।

ਇਸ ਤੋਂ ਇਲਾਵਾ ਬੈਡਮਿੰਟਨ ਵਿਚ ਪੀਵੀ ਸਿੰਧੂ, ਸਾਇਨਾ ਨੇਹਵਾਲ ਅਤੇ ਕੇ ਸ਼੍ਰੀਕਾਂਤ, ਟੈਨਿਸ ਵਿਚ ਰੋਹਨ ਬੋਪੰਨਾ, ਦਿਵਿਜ ਸ਼ਰਣ ਅਤੇ ਰਾਮਨਾਥਨ 'ਤੇ ਦੇਸ਼ ਦੀ ਨਜ਼ਰ ਹੋਵੇਗੀ। ਮੁੱਕੇਬਾਜ਼ੀ ਵਿਚ ਸ਼ਿਵਾ ਥਾਪਾ ਅਤੇ ਸੋਨੀਆ ਲਾਠੋਰ, ਜਿਮਨਾਸਟਿਕ ਵਿਚ ਦੀਪਾ ਕਰਮਾਕਰ 'ਤੇ ਦੇਸ਼ ਵਾਸੀਆਂ ਦੀ ਨਜ਼ਰ ਹੋਵੇਗੀ। ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਇੰਡੋਨੇਸ਼ੀਆ ਵਿਚ ਕਈ ਮਹੀਨਿਆਂ ਤੋਂ ਇਸ ਦੀ ਤਿਆਰੀ ਚੱਲ ਰਹੀ ਸੀ। ਸਟੇਜ ਦੇ ਡਿਜ਼ਾਈਨ ਤੋਂ ਲੈ ਕੇ ਪ੍ਰਫਾਰਮੈਂਸ ਸਾਰਿਆਂ ਨੂੰ ਲੈ ਕੇ ਕੁੱਝ ਵੱਖਰੀ ਤਿਆਰੀ ਕੀਤੀ ਗਈ ਹੈ।

ਉਦਘਾਟਨ ਸਮਾਰੋਹ ਵਿਚ ਇੰਡੋਨੇਸ਼ੀਆ ਤੋਂ ਵੱਡੇ ਗਾਇਕ ਅੰਗਗੁਨ, ਰੇਸਾ, ਇਡੋ, ਫਾਤਿਨ, ਜੀਏਸੀ, ਵਿਆ ਆਦਿ ਵੱਡੇ ਮੰਚ 'ਤੇ ਅਪਣੀ ਪੇਸ਼ਕਾਰੀ ਦੇਣਗੇ। ਸੈਰੇਮਨੀ ਸਟੇਜ 120 ਮੀਟਰ ਲੰਬੀ, 30 ਮੀਟਰ ਚੌੜੀ ਅਤੇ 26 ਮੀਟਰ ਉਚੀ ਹੈ। ਇਸ ਸਟੇਜ ਦੀ ਬੈਕਗਰਾਊਂਡ ਵਿਚ ਉਚੇ ਪਹਾੜ, ਯੂਨੀਕ ਪੌਦੇ ਅਤੇ ਫੁੱਲਾਂ ਨਾਲ ਇੰਡੋਨੇਸ਼ੀਆ ਦੀ ਖ਼ੂਬਸੂਰਤੀ ਨੂੰ ਦਿਖਾਇਆ ਜਾਵੇਗਾ।

ਇਸ ਸਟੇਜ ਨੂੰ ਹੱਥਾਂ ਨਾਲ ਬੰਦੁੰਗ ਅਤੇ ਜਕਾਰਤਾ ਦੇ ਕਲਾਕਾਰਾਂ ਵਲੋਂ ਬਣਾਇਆ ਗਿਆ ਹੈ। ਜਿੱਥੇ ਕਰੀਬ 4 ਹਜ਼ਾਰ ਡਾਂਸ ਕਲਾਕਾਰ ਅਪਣੀ ਪੇਸ਼ਕਾਰੀ ਦੇਣਗੇ। ਦੇਸ਼ ਦੇ ਉਚ ਪੱਧਰੀ ਕੋਰੀਓਗ੍ਰਾਫ਼ਰਜ਼ ਡੇਨੀ ਮਲਿਕ, ਇਕੋ ਸੁਪ੍ਰਿਯਾਂਤੋ ਨੇ ਡਾਂਸਰਾਂ ਨੂੰ ਤਿਆਰ ਕੀਤਾ ਹੈ। ਇਸ ਸਟੇਜ 'ਤੇ ਕਰੀਬ 4 ਹਜ਼ਾਰ ਡਾਂਸਰ ਪ੍ਰਫਾਰਮ ਕਰਨਗੇ।