ਵਿਸ਼ਵ ਕੱਪ ਲਈ ਸ੍ਰੀਲੰਕਾ ਅਤੇ ਦਖਣੀ ਅਫ਼ਰੀਕੀ ਟੀਮ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ੍ਰੀਲੰਕਾ ਦੀ ਟੀਮ ਵਿਚ ਸ਼ਾਮਲ ਹੋਏ ਮਲਿੰਗਾ, ਦਖਣੀ ਅਫ਼ਰੀਕਾ ਨੇ ਅਮਲਾ ਨੂੰ ਦਿਤੀ ਥਾਂ

Sri Lanka and South Africa cricket announced team for World Cup

ਕੋਲੰਬੋ : 30 ਮਈ ਨੂੰ ਸ਼ੁਰੂ ਹੋ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਅੱਜ ਸ੍ਰੀਲੰਕਾ ਅਤੇ ਦਖਣੀ ਅਫ਼ਰੀਕਾ ਨੇ ਅਪਣੀ ਟੀਮ ਦਾ ਐਲਾਨ ਕੀਤਾ ਦਿਤਾ ਹੈ। ਕਪਤਾਨ ਦੇ ਤੌਰ ਤੋਂ ਹਟਾਏ ਗਏ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਵਿਸ਼ਵ ਕੱਪ ਲਈ ਸ੍ਰੀਲੰਕਾ ਦੀ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਦਖਣੀ ਅਫ਼ਰੀਕਾ ਨੇ ਅਪਣੇ ਤਜਰਬੇਕਾਰ ਖਿਡਾਰੀ ਹਾਸ਼ਿਮ ਅਮਲਾ ਨੂੰ ਵਿਸ਼ਵ ਕੱਪ ਲਈ ਟੀਮ ਵਿਚ ਥਾਂ ਦਿਤੀ ਹੈ। 

ਮਲਿੰਗਾ ਦੀ ਥਾਂ 'ਤੇ ਟੈਸਟ ਟੀਮ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਵਿਸ਼ਵ ਕੱਪ ਲਈ ਐਲਾਨੀ ਗਈ ਟੀਮ ਦੀ ਕਮਾਨ ਸੌਂਪੀ ਗਈ ਹੈ। ਦਿਮੁਥ ਨੇ ਸਾਲ 2015 ਵਿਸ਼ਵ ਕੱਪ ਤੋਂ ਬਾਅਦ ਇਕ ਵੀ ਇਕ ਰੋਜ਼ਾ ਮੈਚ ਨਹੀਂ ਖੇਡਿਆ ਹੈ। ਸ੍ਰੀਲੰਕਾ ਕ੍ਰਿਕਟ ਦੇ ਮੁਖੀ ਸ਼ਮੀ ਸਿਲਵਾ ਨੇ ਟੀਮ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਮਲਿੰਗਾ ਦੇਸ਼ ਲਈ ਖੇਡੇਗਾ। ਅਜਿਹੀਆਂ ਵੀ ਅਫ਼ਵਾਹਾਂ ਫੈਲਾਈਆਂ ਜਾ ਰਹੀ ਸਨ ਕਿ ਕਪਤਾਨੀ ਖੋਹੇ ਜਾਣ ਤੋਂ ਬਾਅਦ ਮਲਿੰਗਾ ਕ੍ਰਿਕਟ ਨੂੰ ਅਲਵਿਦਾ ਆਖ ਦੇਣਗੇ। 

ਚੋਣ ਕਮੇਟੀ ਦੇ ਮੁਖੀ ਅਸਾਂਥਾ ਡਿਮੇਲ ਨੇ ਕਿਹਾ ਕਿ ਉਨ੍ਹਾਂ ਦੀ ਮਲਿੰਗਾ ਨਾਲ ਫ਼ੋਨ 'ਤੇ ਗੱਲਬਾਤ ਹੋਈ ਹੈ। 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਵਿਚ ਸ੍ਰੀਲੰਕਾ ਅਪਣਾ ਪਹਿਲਾ ਮੈਚ ਨਿਊਜ਼ੀਲੈਂਡ ਵਿਰੁਧ ਖੇਡੇਗਾ। ਦਖਣੀ ਅਫ਼ਰੀਕੀ ਟੀਮ ਦੇ ਬੱਲੇਬਾਜ਼ੀ ਹਾਸ਼ਿਮ ਅਮਲਾ ਨੇ ਟੀਮ ਵਲੋਂ 18 ਹਜ਼ਾਰ ਦੌੜਾਂ ਬਣਾਈਆਂ ਹਨ ਪਰ ਪਿਛਲੇ ਕੁੱਝ ਸਮੇਂ ਤੋਂ ਖ਼ਰਾਬ ਪ੍ਰਦਰਸ਼ਨ ਕਾਰਨ ਉਹ ਟੀਮ ਤੋਂ ਬਾਹਰ ਸਨ ਪਰ ਚੋਣਕਰਤਾਵਾਂ ਨੇ ਉਨ੍ਹਾਂ ਨੂੰ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕਰ ਕੇ ਉਨ੍ਹਾਂ 'ਤੇ ਭਰੋਸਾ ਪ੍ਰਗਟਾਇਆ ਹੈ। ਟੀਮ ਦੀ ਕਮਾਨ ਫ਼ਾਫ ਡੂ ਪਲੇਸਿਸ ਦੇ ਹੱਥ ਹੋਵੇਗੀ।

ਟੀਮ ਵਿਚ ਤੇਜ਼ ਗੇਂਦਬਾਜ਼ੀ ਦਾ ਜ਼ਿੰਮਾ ਡੇਲ ਸਟੇਨ, ਕਾਗਿਸੋ ਰਬਾੜਾ, ਲੁੰਗੀ ਏਨਡਿਡੀ ਅਤੇ ਏਨਰਿੰਚ ਨੋਰਟਜੇ ਕੋਲ ਹੋਵੇਗਾ ਜਦਕਿ ਸਪਿੰਨ ਗੇਂਦਬਾਜ਼ੀ ਦਾ ਜ਼ਿੰਮਾ ਇਮਰਾਨ ਤਾਹਿਰ ਅਤੇ ਤਬਰੇਜ਼ ਸਮਸੀ ਕੋਲ ਰਹੇਗਾ। 

ਸ੍ਰੀਲੰਕਾ ਦੀ ਟੀਮ: ਦਿਮੁਥ ਕਰੁਣਾਰਤਨੇ (ਕਪਤਾਨ), ਲਸਿਥ ਮਲਿੰਗਾ, ਐਂਜੇਲੋ ਮੈਥਿਊਜ਼, ਤਿਸਾਰਾ ਪਰੇਰਾ, ਕੁਸਾਲ ਜਨਿਥ ਪਰੇਰਾ, ਧਨੰਜੇ ਡਿਸਿਲਵਾ, ਕੁਸਾਲ ਮੈਂਡਿਸ, ਇਸੁਰੂ ਉਦਾਨਾ, ਮਿਲਿੰਦਾ ਸਿਰੀਵਰਧਨੇ, ਅਵਿਸ਼ਕਾ ਫ਼ਰਨਾਂਡੋ, ਜੀਵਨ ਮੈਂਡਿਸ, ਲਾਹਿਰੂ ਤਿਰੀਮੰਨੇ, ਜੈਫ਼ਰੀ ਵੈਂਡਰਸੇ, ਨੁਵਾਨ ਪ੍ਰਦੀਪ ਅਤੇ ਸੁਰੰਗਾ ਲਕਮਲ। 

ਦਖਣੀ ਅਫ਼ਰੀਕਾ ਦੀ ਟੀਮ: ਫ਼ਾਫ਼ ਡੂ ਪਲੇਸਿਸ (ਕਪਤਾਨ), ਹਾਸ਼ਿਮ ਅਮਲਾ, ਕਵਿੰਟਨ ਡਿ ਕਾਕ, ਜੇਪੀ ਡੁਮਿਨੀ, ਏਡੇਨ ਮਾਰਕਰਾਮ, ਡੇਵਿਡ ਮਿਲਰ, ਲੁੰਗੀ ਏਨਗਿਡੀ, ਏਨਿਚ ਨਾਰਟਜੇ, ਏਂਡਿਲੇ ਫ਼ੇਹਲੁਕਵਾਓ, ਡਵੇਨ ਪ੍ਰਿਟੋਰੀਅਸ, ਕਾਗਿਸੋ ਰਬਾੜਾ, ਤਬਰੇਜ਼ ਸਮਸੀ, ਡੇਲ ਸਟੇਨ, ਇਮਰਾਨ ਤਾਹਿਰ, ਰਾਸੀ ਵਾਨ ਡੇਰ ਡੁਸੇਨ।