IPL 2019: ਮੁੰਬਈ ਨੇ ਦਿੱਲੀ ਨੂੰ 40 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਐਲ ਦਾ 34ਵਾਂ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਗਿਆ।

DC vs MI

ਨਵੀਂ ਦਿੱਲੀ: ਆਈਪੀਐਲ ਦਾ 34ਵਾਂ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਨੇ ਦਿੱਲੀ ਨੂੰ 169 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ ਨੇ 20 ਓਵਰਾਂ ਵਿਚ ਸਿਰਫ 9 ਵਿਰਟਾਂ ‘ਤੇ 128 ਦੌੜਾਂ ਹੀ ਬਣਾ ਸਕੀ। ਦਿੱਲੀ ਵਿਰੁੱਧ ਖੇਡੇ ਗਏ ਮੈਚਾਂ ਵਿਚੋਂ ਮੁੰਬਈ ਨੂੰ ਤਿੰਨ ਮੈਚਾਂ ਤੋਂ ਬਾਅਦ ਜਿੱਤ ਮਿਲੀ ਸੀ।

ਇਸ ਤੋਂ ਪਹਿਲਾਂ ਮੁੰਬਈ ਨੂੰ ਦਿੱਲੀ ‘ਤੇ ਪਿਛਲੀ ਜਿੱਤ 2017 ਵਿਚ ਮਿਲੀ ਸੀ। ਰੋਹਿਤ ਸ਼ਰਮਾ ਦੀ ਟੀਮ ਇਸ ਜਿੱਤ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਉਥੇ ਹੀ ਸ਼੍ਰੇਅੰਸ ਅਇਅਰ ਦੀ ਟੀਮ ਇਕ ਸਥਾਨ ਹੇਠਾਂ ਤੀਜੇ ਨੰਬਰ ‘ਤੇ ਚਲੀ ਗਈ। ਦਿੱਲੀ ਲਈ ਸ਼ਿਖਰ ਧਵਨ ਨੇ ਸੱਭ ਤੋਂ ਜ਼ਿਆਦਾ 35 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 23 ਗੇਂਦਾਂ ‘ਤੇ 26 ਦੌੜਾਂ ਦੀ ਪਾਰੀ ਖੇਡੀ। ਪ੍ਰਿਥਵੀ ਸ਼ਾਅ 20 ਅਤੇ ਕ੍ਰਿਸ ਮੋਰਿਸ 11 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ ਦਹਾਈ ਦੇ ਆਂਕੜੇ ਤੱਕ ਨਹੀਂ ਪਹੁੰਚ ਸਕਿਆ।

ਮੁੰਬਈ ਲਈ ਰਾਹੁਲ ਚਾਹਰ ਨੇ 3, ਜਸਪ੍ਰੀਤ ਬੁਮਰਾਹ ਨੇ 2. ਲਸਿਥ  ਮਲਿੰਗਾ, ਹਾਰਦਿਕ ਪਾਂਡੇ ਅਤੇ ਕਰੁਣਾਲ ਪਾਂਡੇ ਨੇ 1-1 ਵਿਕਟ ਲਈ। ਇਸ ਤੋਂ ਪਹਿਲਾਂ ਮੁੰਬਈ ਨੇ 20 ਓਵਰਾਂ ਵਿਚ ਪੰਜ ਵਿਕਟਾਂ ‘ਤੇ 168 ਦੌੜਾਂ ਬਣਾਈਆਂ। ਕਰੁਣਾਲ ਪਾਂਡੇ 37 ਦੌੜਾਂ ਬਣਾ ਕੇ ਨਾਬਾਦ ਰਹੇ। ਕਵਿੰਟਨ ਡੀਕੌਕ ਨੇ 35, ਹਾਰਦਿਕ ਪਾਂਡੇ ਨੇ 32 ਅਤੇ ਰੋਹਿਤ ਸ਼ਰਮਾ ਨੇ 30 ਦੌੜਾਂ ਦੀ ਪਾਰੀ ਖੇਡੀ।

ਹਾਰਦਿਕ ਨੇ 15 ਗੇਂਦਾਂ ਦੀ ਪਾਰੀ ਵਿਚ ਦੋ ਚੌਕੇ ਅਤੇ ਤਿੰਨ ਛੱਕੇ ਲਗਾਏ। ਦਿੱਲੀ ਲਈ ਕਗਿਸੋ ਕਬਾੜਾ ਨੇ ਦੋ, ਅਕਸ਼ਰ ਪਟੇਲ ਅਤੇ ਅਮਿਤ ਮਿਸ਼ਰਾ ਨੇ ਇਕ-ਇਕ ਵਿਕਟ ਲ਼ਈ। ਰੋਹਿਤ ਨੇ ਆਪਣੀ 30 ਦੌੜਾਂ ਦੀ ਪਾਰੀ ਵਿਚ ਟੀ-20 ‘ਚ ਆਪਣੀਆਂ ਅੱਠ ਹਜ਼ਾਰ ਦੋੜਾਂ ਪੂਰੀਆਂ ਕਰ ਲਈਆ ਹਨ। ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਅੱਠਵੇਂ ਅਤੇ ਭਾਰਤ ਦੇ ਤੀਸਰੇ ਬੱਲੇਬਾਜ਼ ਹਨ। ਉਹਨਾਂ ਤੋਂ ਪਹਿਲਾਂ ਸੁਰੇਸ਼ ਰੈਨਾ (8216) ਅਤੇ ਵਿਰਾਟ ਕੋਹਲੀ (8183) ਅਜਿਹਾ ਕਰ ਚੁੱਕੇ ਹਨ।