13 ਸਾਲ ਪਹਿਲਾਂ ਅੱਜ ਦੇ ਦਿਨ ਯੁਵਰਾਜ ਨੇ 6 ਗੇਂਦਾਂ ‘ਚ 6 ਛੱਕੇ ਲਗਾ ਕੇ ਬਣਾਇਆ ਸੀ ਵਿਸ਼ਵ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤਸਵੀਰ ਸਾਂਝੀ ਕਰ ਯਾਦ ਕੀਤਾ ਉਹ ਦਿਨ

Yuvraj Singh Recalls Six Sixes On 13-Year Anniversary

ਨਵੀਂ ਦਿੱਲੀ: ਭਾਰਤ ਦੇ ਸਾਬਕਾ ਕ੍ਰਿਕਟ ਸਟਾਰ ਆਲ ਰਾਊਂਰ ਯੁਵਰਾਜ ਸਿੰਘ ਨੂੰ ਕ੍ਰਿਕਟ ਦੀ ਦੁਨੀਆਂ ਦਾ ‘ਸਿਕਸਰ ਕਿੰਗ’ ਕਿਹਾ ਜਾਂਦਾ ਹੈ। ਅੱਜ ਤੋਂ 13 ਸਾਲ ਪਹਿਲਾਂ ਉਹਨਾਂ ਨੇ ਇਕ ਅਜਿਹਾ ਕਾਰਨਾਮਾ ਕੀਤਾ ਸੀ, ਜਿਸ ਨਾਲ ਇਹ ਨਾਮ ਹਮੇਸ਼ਾਂ ਲਈ ਉਹਨਾਂ ਦੀ ਪਛਾਣ ਨਾਲ ਜੁੜ ਗਿਆ।

ਯੁਵਰਾਜ ਨੂੰ ਇਹ ਨਾਮ ਸਾਲ 2007 ਵਿਚ ਦਿੱਤਾ ਗਿਆ ਜਦੋਂ ਉਹਨਾਂ ਨੇ ਇੰਗਲੈਂਡ ਦੇ ਗੇਂਦਬਾਜ਼ ਸਟੁਆਰਟ ਬੋਰਡ (Stuart Broad) ਦੇ ਓਵਰ ਦੀਆਂ ਛੇ ਗੇਂਦਾਂ ‘ਤੇ ਛੇ ਛੱਕੇ ਜੜ ਦਿੱਤੇ ਸੀ। ਯੁਵਰਾਜ ਅਜਿਹਾ ਕਰਨ ਵਾਲੇ ਦੂਜੇ ਬੱਲੇਬਾਜ਼ ਸੀ। ਇਹ ਗੱਲ 2007 ਦੇ ਟੀ20 ਵਿਸ਼ਵ ਕੱਪ ਦੀ ਹੈ।

ਉਸ ਸਮੇਂ ਪਹਿਲੀ ਵਾਰ ਟੀ20 ਫਾਰਮੈਟ ਦੇ ਵਿਸ਼ਵ ਕੱਪ ਦਾ ਅਯੋਜਨ ਹੋ ਰਿਹਾ ਸੀ ਅਤੇ ਭਾਰਤੀ ਕ੍ਰਿਕਟ ਟੀਮ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਮੈਦਾਨ ‘ਚ ਉਤਰੀ ਸੀ। ਇਸ ਦੌਰਾਨ ਟੀਮ ਇੰਡੀਆ ਦੀ ਜਿੱਤ ਦਾ ਹੀਰੋ ਯੁਵਰਾਜ ਸਿੰਘ ਬਣੇ।

ਇਸ ਮੈਚ ਦੇ 13 ਸਾਲ ਪੂਰੇ ਹੋਣ ‘ਤੇ ਯੁਵਰਾਜ ਸਿੰਘ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ। ਉਹਨਾਂ ਲਿਖਿਆ, ‘ 13 ਸਾਲ... ਕਿੰਨੀ ਤੇਜ਼ੀ ਨਾਲ ਸਮਾਂ ਬੀਤ ਰਿਹਾ ਹੈ’।

ਯੂਵੀ ਦੀ ਇਸ ਪੋਸਟ ‘ਤੇ ਉਸ ਸਮੇਂ ਮੈਚ ਵਿਚ ਛੇ ਛੱਕੇ ਖਾਣ ਵਾਲੇ ਸਟੁਆਰਟ ਬੋਰਡ ਨੇ ਵੀ ਕਮੈਂਟ ਕੀਤਾ ਹੈ। ਉਹਨਾਂ ਲਿਖਿਆ, ‘ਉਸ ਮੈਚ ਵਿਚ ਜਿਸ ਤਰ੍ਹਾਂ ਗੇਂਦ ਉੱਡ ਰਹੀ ਸੀ, ਉਸ ਦੇ ਮੁਕਾਬਲੇ ਸਮਾਂ ਘੱਟ ਤੇਜ਼ੀ ਨਾਲ ਬੀਤ ਰਿਹਾ ਹੈ’। ਯੁਵਰਾਜ ਦੀ ਪੋਸਟ ‘ਤੇ ਗੌਤਮ ਗੰਭੀਰ ਨੇ ਵੀ ਕਮੈਂਟ ਕੀਤਾ।