PM Modi ਨੇ ਲਿਖੀ ਮਹਿੰਦਰ ਸਿੰਘ ਧੋਨੀ ਨੂੰ ਭਾਵੁਕ ਚਿੱਠੀ, ਪੜ੍ਹੋ ਕੀ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ।

PM Narendra Modi writes a touching letter to MS Dhoni

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ। ਇਸ ਦੇ ਜ਼ਰੀਏ ਪੀਐਮ ਮੋਦੀ ਨੇ ਉਹਨਾਂ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਸੀ, ਇਸ ਦੇ ਨਾਲ ਹੀ ਪੀਐਮ ਨੇ ਦੇਸ਼ ਨੂੰ ਕਈ ਇਤਿਹਾਸਕ ਜਿੱਤਾਂ ਦਿਵਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ। ਨਰਿੰਦਰ ਮੋਦੀ ਨੇ 2 ਪੰਨਿਆਂ ਦੀ ਚਿੱਠੀ ਲਿਖੀ ਹੈ, ਜਿਸ ਵਿਚ ਉਹਨਾਂ ਨੇ ਧੋਨੀ ਦੇ ਸ਼ਾਂਤ ਸੁਭਾਅ ਦੀ ਤਾਰੀਫ਼ ਕੀਤੀ।

ਉਹਨਾਂ ਨੇ ਕਿਹਾ ਕਿ ਧੋਨੀ ਹਮੇਸ਼ਾਂ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਰਹਿਣਗੇ। ਨਰਿੰਦਰ ਮੋਦੀ ਨੇ ਅਪਣੀ ਇਸ ਚਿੱਠੀ ਵਿਚ ਧੋਨੀ ਦੀਆਂ ਪ੍ਰਾਪਤੀਆਂ ਬਾਰੇ ਲਿਖਿਆ ਹੈ। ਇਸ ਚਿੱਠੀ ਨੂੰ ਧੋਨੀ ਨੇ ਅਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਧੋਨੀ ਨੇ ਟਵਿਟਰ ‘ਤੇ ਲਿਖਿਆ, ‘ਇਕ ਕਲਾਕਾਰ, ਫੌਜੀ ਅਤੇ ਖਿਡਾਰੀ ਨੂੰ ਤਾਰੀਫ਼ ਦੀ ਕਾਮਨਾ ਹੁੰਦੀ ਹੈ। ਉਹ ਚਾਹੁੰਦੇ ਹਨ ਕਿ ਉਹਨਾਂ ਦੀ ਮਿਹਨਤ ਅਤੇ ਕੁਰਬਾਨੀਆਂ ਨੂੰ ਸਾਰੇ ਪਛਾਣਨ। ਸ਼ੁਕਰੀਆ ਪੀਐਮ ਨਰਿੰਦਰ ਮੋਦੀ, ਤੁਹਾਡੇ ਵੱਲੋਂ ਮਿਲੀ ਤਾਰੀਫ਼ ਅਤੇ ਸ਼ੁੱਭਕਾਮਨਾਵਾਂ ਲਈ’।

ਚਿੱਠੀ ਵਿਚ ਪੀਐਮ ਮੋਦੀ ਨੇ ਲਿਖਿਆ, ‘ਤੁਹਾਡੇ ਵਿਚੋਂ ਨਵੇਂ ਭਾਰਤ ਦੀ ਰੂਹ ਝਲਕਦੀ ਹੈ, ਜਿੱਥੇ ਨੌਜਵਾਨਾਂ ਦੀ ਕਿਸਮਤ ਉਹਨਾਂ ਦੇ ਪਰਿਵਾਰ ਦਾ ਨਾਮ ਤੈਅ ਨਹੀਂ ਕਰਦਾ ਹੈ ਬਲਕਿ ਉਹ ਅਪਣਾ ਖੁਦ ਦਾ ਮੁਕਾਮ ਅਤੇ ਨਾਮ ਹਾਸਲ ਕਰਦੇ ਹਨ। 15 ਅਗਸਤ 2020 ਨੂੰ ਅਪਣੇ ਸਾਦਗੀ ਭਰੇ ਅੰਦਾਜ਼ ਵਿਚ ਇਕ ਛੋਟਾ ਵੀਡੀਓ ਸ਼ੇਅਰ ਕੀਤਾ ਜੋ ਪੂਰੇ ਦੇਸ਼ ਵਿਚ ਲੰਬੀ ਅਤੇ ਵੱਡੀ ਬਹਿਸ ਲਈ ਕਾਫ਼ੀ ਸੀ। 130 ਕਰੋੜ ਭਾਰਤੀ ਨਾਗਰਿਕ ਨਿਰਾਸ਼ ਹਨ ਪਰ ਨਾਲ ਹੀ ਤੁਸੀਂ ਪਿਛਲੇ ਡੇਢ ਦਹਾਕੇ ਵਿਚ ਭਾਰਤ ਲਈ ਜੋ ਕੀਤਾ, ਉਸ ਦੇ ਲਈ ਤੁਹਾਡੇ ਸ਼ੁਕਰਗੁਜ਼ਾਰ ਵੀ ਹਨ’।

ਉਹਨਾਂ ਕਿਹਾ ਕਿ ਧੋਨੀ ਭਾਰਤੀ ਕ੍ਰਿਕਟ ਦੇ ਸਭ ਤੋਂ ਕਾਮਯਾਬ ਕਪਤਾਨਾਂ ਵਿਚੋਂ ਹਨ। ਭਾਰਤ ਨੂੰ ਦੁਨੀਆਂ ਦੀਆਂ ਟਾਪ ਟੀਮਾਂ ਵਿਚ ਲਿਆਉਣ ਵਿਚ ਤੁਹਾਡਾ ਅਹਿਮ ਯੋਗਦਾਨ ਰਿਹਾ ਹੈ। ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹਨਾਂ ਨੇ 15 ਅਗਸਤ ਨੂੰ ਨੂੰ ਅਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਜ਼ਰੀਏ ਸੰਨਿਆਸ ਦਾ ਐਲ਼ਾਨ ਕੀਤਾ ਸੀ।