ਤੀਜਾ ਟੈਸਟ : ਰੋਹਿਤ ਦਾ ਦੋਹਰਾ ਸੈਂਕੜਾ, 497/9 ਦੌੜਾਂ 'ਤੇ ਪਾਰੀ ਐਲਾਨੀ

ਏਜੰਸੀ

ਖ਼ਬਰਾਂ, ਖੇਡਾਂ

ਦੱਖਣ ਅਫ਼ਰੀਕਾ ਦੇ ਦੋ ਖਿਡਾਰੀ ਪਵੇਲੀਅਨ ਪਰਤੇ

India vs South Africa 3rd Test : Rohit Sharma hits double hundred, India 497/9

ਰਾਂਚੀ : ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦੇ ਪਹਿਲੇ ਦੋਹਰੇ ਸੈਂਕੜੇ ਤੋਂ ਬਾਅਦ ਭਾਰਤ ਨੇ ਦਖਣੀ ਅਫ਼ਰੀਕਾ ਵਿਰੁਧ ਤੀਜੇ ਅਤੇ ਆਖ਼ਰੀ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਇਥੇ ਅਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 497 ਦੌੜਾਂ 'ਤੇ ਸਮਾਪਤ ਕਰਨ ਦਾ ਐਲਾਨ ਕਰ ਦਿਤਾ। ਵਿਰਾਟ ਕੋਹਲੀ ਦੇ ਪਾਰੀ ਸਮਾਪਤੀ ਦੇ ਐਲਾਨ ਤੋਂ ਬਾਅਦ ਹੀ ਦੂਜੇ ਦਿਨ ਚਾਹ ਦਾ ਆਰਾਮ ਲੈ ਲਿਆ ਗਿਆ। ਉਦੋਂ ਤਕ ਹਾਲਾਂਕਿ ਮੈਚ ਵਿਚ ਭਾਰਤ ਦਾ ਪਲੜਾ ਭਾਰੀ ਹੋ ਗਿਆ ਸੀ। ਇਸ ਲੜੀ ਵਿਚ ਪਹਿਲੀ ਵਾਰ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਉਤਰੇ ਰੋਹਿਤ ਸ਼ਰਮਾ ਨੇ ਸਵੇਰੇ 117 ਦੌੜਾਂ ਨਾਲ ਅਪਣੀ ਪਾਰੀ ਅੱਗੇ ਵਧਾਈ ਅਤੇ 255 ਗੇਂਦਾਂ ਦਾ ਸਾਹਮਣਾ ਕਰ ਕੇ 212 ਦੌੜਾਂ ਬਣਾਈਆਂ ਜਿਸ ਵਿਚ 28 ਚੌਕੇ ਅਤੇ 6 ਛੱਕੇ ਸ਼ਾਮਲ ਹਨ।

ਇਕ ਰੋਜਾ ਮੈਚ ਵਿਚ 264 ਦੌੜਾਂ ਦੇ ਵਿਸ਼ਵ ਰੀਕਾਰਡ ਨਾਲ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਰੋਹਿਤ ਦੁਪਹਿਰ ਦੇ ਖਾਣੇ ਸਮੇਂ 199 ਦੌੜਾਂ 'ਤੇ ਖੇਡ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਲੂੰਗੀ ਐਨਗਿਡੀ ਦੀ ਗੇਂਦ 'ਤੇ ਛੱਕੇ ਨਾਲ ਦੋਹਰੇ ਸੈਂਕੜਾ ਪੂਰਾ ਕੀਤਾ। ਉਹ ਛੱਕੇ ਨਾਲ ਦੋਹਰਾ ਸੈਂਕੜਾ ਪੂਰਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਅਜਿੰਕਯਾ ਰਹਾਣੇ ਨੇ ਵੀ 115 ਦੌੜਾਂ ਬਣਾਈਆਂ। ਉਨ੍ਹਾਂ ਨੇ ਘਰੇਲੂ ਸਰਜ਼ਮੀ 'ਤੇ ਪਿਛਲੇ ਤਿੰਨ ਸਾਲ ਵਿਚ ਅਪਣਾ ਪਹਿਲਾ ਅਤੇ ਕੁੱਲ 11ਵਾਂ ਟੈਸਟ ਸੈਂਕੜਾ ਲਗਾਇਆ।

ਰਵਿੰਦਰ ਜਡੇਜਾ (51 ਦੌੜਾਂ) ਨੇ ਛੇਵੇਂ ਨੰਬਰ ਨਾਲ ਪੂਰਾ ਇਨਸਾਫ਼ ਕਰ ਕੇ ਅਰਧ ਸੈਂਕੜਾ ਪੂਰਾ ਕੀਤਾ, ਜਦੋਂਕਿ ਆਖ਼ਰੀ ਪਲਾਂ ਵਿਚ ਉਮੇਸ਼ ਯਾਦਵ ਨੇ ਛੱਕਿਆਂ ਦੀ ਝੜੀ ਲਗਾਈ ਅਤੇ 10 ਗੇਂਦਾਂ 'ਤੇ ਪੰਜ ਛੱਕਿਆਂ ਨਾਲ 31 ਦੌੜਾਂ ਬਣਾਈਆਂ। ਮੁੰਬਈ ਦੀ ਜੋੜੀ ਰੋਹਿਤ ਅਤੇ ਰਹਾਣੇ ਨੇ ਚਾਰ ਘੰਟੇ ਤੋਂ ਵੱਧ ਸਮਾਂ ਕਰੀਜ਼ 'ਤੇ ਬਿਤਾਇਆ ਅਤੇ ਇਸ ਵਿਚ ਚੌਥੇ ਵਿਕਟ ਲਈ ਰੀਕਾਰਡ 267 ਦੌੜਾਂ ਦੀ ਭਾਈਵਾਲੀ ਕੀਤੀ। ਜਿਸ ਨਾਲ ਪਹਿਲੇ ਦਿਨ ਮੀਂਹ ਕਾਰਨ ਪਏ ਅੜਿੱਕੇ ਦਾ ਦੌੜਾਂ ਦੀ ਰਫ਼ਤਾਰ 'ਤੇ ਕੋਈ ਖ਼ਾਸ ਅਸਰ ਨਹੀਂ ਪਿਆ। ਪਹਿਲੇ ਦਿਨ ਸਿਰਫ਼ 58 ਓਵਰਾਂ ਦਾ ਖੇਡ ਹੋ ਸਕਿਆ ਸੀ।

ਖ਼ਰਾਬ ਰੋਸ਼ਨੀ ਕਾਰਨ ਮੈਚ ਰੁਕਿਆ :
ਭਾਰਤ ਦਖਣੀ ਅਫ਼ਰੀਕਾ ਵਿਚਾਲੇ ਖੇਡੇ ਜਾ ਰਹੇ ਤੀਜੇ ਅਤੇ ਆਖ਼ਰੀ ਟੈਸਟ ਮੈਚ ਦੇ ਦੂਜੇ ਦਿਨ ਖ਼ਰਾਬ ਰੌਸ਼ਨੀ ਕਾਰਨ ਤੀਜੇ ਦਿਨ ਖੇਡ ਰੋਕਣਾ ਪਿਆ। ਚਾਹ ਦੇ ਆਰਾਮ ਤੋਂ ਬਾਅਦ ਦਖਣੀ ਅਫ਼ਰੀਕਾ ਸਿਰਫ਼ 5 ਓਵਰ ਹੀ ਖੇਡ ਸਕਿਆ। ਮੁਹੰਮਦ ਸ਼ਮੀ ਨੇ ਡੀਨ ਐਲਗਰ (0) ਅਤੇ ਉਮੇਸ਼ ਯਾਦਵ ਨੇ ਕਵਿੰਟਨ ਡੀ ਕਾਕ (4) ਨੂੰ ਆਊਟ ਕੀਤਾ। ਦੱਖਣ ਅਫ਼ਰੀਕਾ ਦੇ ਕਪਤਾਨ ਫੈਫ ਡੁਪਲੇਸਿਸ (1) ਅਤੇ ਜੂਬੈਰ ਹਮਜ਼ਾ (0) ਬਣਾ ਕੇ ਕ੍ਰੀਜ਼ 'ਤੇ ਬਣੇ ਹੋਏ ਹਨ। ਦਖਣੀ ਅਫ਼ਰੀਕਾ ਨੇ 9 ਦੌੜਾਂ ਬਣਾਈਆਂ ਹਨ। ਦਖਣੀ ਅਫ਼ਰੀਕਾ ਵਲੋਂ ਅਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਜਾਰਜ ਲਿੰਡੇ ਭਾਰਤ ਵਿਰੁਧ ਸੱਭ ਤੋਂ ਸਫ਼ਲ ਗੇਂਦਬਾਜ਼ ਰਹੇ। ਉਨ੍ਹਾਂ ਨੇ 133 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਰਬਾੜਾ ਨੇ 85 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।