ਆਈ.ਬੀ.ਏ. ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ 15 ਮਾਰਚ ਤੋਂ ਦਿੱਲੀ 'ਚ 

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਲਈ ਤਿਆਰੀਆਂ ਸ਼ੁਰੂ 

Image

 

ਨਵੀਂ ਦਿੱਲੀ - ਭਾਰਤ ਤੀਜੀ ਵਾਰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ, ਜੋ ਇੱਥੇ 15 ਤੋਂ 31 ਮਾਰਚ (2023) ਤੱਕ ਆਯੋਜਿਤ ਕੀਤੀ ਜਾਵੇਗੀ।

ਭਾਰਤ ਨੇ 2001 ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਲੈ ਕੇ 2006 ਅਤੇ 2018 ਵਿੱਚ ਦਿੱਲੀ ਵਿੱਚ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਹੈ, ਅਤੇ ਹੁਣ 2023 ਸੀਜ਼ਨ ਵੀ ਰਾਸ਼ਟਰੀ ਰਾਜਧਾਨੀ ਵਿੱਚ ਆਯੋਜਿਤ ਕੀਤਾ ਜਾਵੇਗਾ।

ਹਾਲਾਂਕਿ ਭਾਰਤ ਨੇ ਕਦੇ ਵੀ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਹੀਂ ਕੀਤੀ। ਪਿਛਲੇ ਮਹੀਨੇ ਹੀ ਇਹ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਤੀਜੀ ਵਾਰ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਸ ਮਾਮਲੇ 'ਚ ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ.ਐੱਫ.ਆਈ.) ਨੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਨਾਲ ਸਮਝੌਤਾ ਕੀਤਾ ਸੀ।

ਬੀ.ਐੱਫ.ਆਈ. ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ, "ਦੁਨੀਆ ਦੇ ਸਭ ਤੋਂ ਵੱਡੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚੋਂ ਇੱਕ, 2023 ਦੀ ਪੁੱਠੀ ਗਿਣਤੀ ਹੁਣ ਸ਼ੁਰੂ ਹੋ ਰਹੀ ਹੈ। ਵਿਸ਼ਵ ਚੈਂਪੀਅਨਸ਼ਿਪ ਭਾਰਤੀ ਮੁੱਕੇਬਾਜ਼ੀ ਦੀ ਬੇਮਿਸਾਲ ਸਾਖ ਦਾ ਪ੍ਰਮਾਣ ਹੈ ਅਤੇ ਅਸੀਂ, ਭਾਰਤੀ ਮੁੱਕੇਬਾਜ਼ੀ ਫ਼ੈਡਰੇਸ਼ਨ ਦੀ ਤਰਫ਼ੋਂ, ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹਾਂ।"

ਉਨ੍ਹਾਂ ਕਿਹਾ, "ਬੀ.ਐੱਫ.ਆਈ. ਟੀਮ ਦੀ ਭਾਈਵਾਲੀ ਨਾਲ, ਸਾਨੂੰ ਭਰੋਸਾ ਹੈ ਕਿ ਵਿਸ਼ਵ ਚੈਂਪੀਅਨਸ਼ਿਪ ਵਿਸ਼ਵ ਪੱਧਰ 'ਤੇ ਮੁੱਕੇਬਾਜ਼ੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ।" 

ਮੁਕਾਬਲੇ ਵਿੱਚ 12 ਭਾਰ ਵਰਗ ਦੇ ਮੁਕਾਬਲੇ ਹੋਣਗੇ। ਇਸ ਵਿੱਚ 48 ਕਿੱਲੋ, 50 ਕਿੱਲੋ, 52 ਕਿੱਲੋ, 54 ਕਿੱਲੋ, 57 ਕਿੱਲੋ, 60 ਕਿੱਲੋ, 63 ਕਿੱਲੋ, 66 ਕਿੱਲੋ, 70 ਕਿੱਲੋ, 75 ਕਿੱਲੋ, 81 ਕਿੱਲੋ ਅਤੇ 81 ਕਿੱਲੋ ਤੋਂ ਉੱਪਰ ਦੇ ਭਾਰ ਵਰਗ ਸ਼ਾਮਲ ਹਨ। ਇਸ ਦੀ ਰਜਿਸਟ੍ਰੇਸ਼ਨ ਜਲਦੀ ਹੀ ਸ਼ੁਰੂ ਹੋ ਜਾਵੇਗੀ।

ਬੀ.ਐੱਫ.ਆਈ. ਅਤੇ ਆਈ.ਬੀ.ਏ. ਵੀ ਇਸ ਚੈਂਪੀਅਨਸ਼ਿਪ ਵਿੱਚ ਇਤਿਹਾਸਕ 'ਬਾਉਟ ਰਿਵਿਊ ਸਿਸਟਮ' ਸ਼ੁਰੂ ਕਰਨ 'ਤੇ ਵੀ ਕੰਮ ਕਰ ਰਹੇ ਹਨ।

ਭਾਰਤੀ ਮਹਿਲਾਵਾਂ ਨੇ ਇਸ ਚੈਂਪੀਅਨਸ਼ਿਪ ਦੇ 12 ਸੈਸ਼ਨਾਂ 'ਚ 10 ਸੋਨ ਤਮਗਿਆਂ ਸਮੇਤ 39 ਤਮਗੇ ਜਿੱਤੇ ਹਨ।