Ind vs Aus : ਆਸਟ੍ਰੇਲਿਆਈ ਸੀਰੀਜ਼ ਤੋਂ ਹਾਰਦਿਕ ਪਾਂਡਿਆ ਬਾਹਰ, ਰਵਿੰਦਰ ਜਡੇਜਾ ਦੀ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟਰੇਲੀਆ ਦੇ ਵਿਰੁਧ 24 ਫਰਵਰੀ ਤੋਂ ਸ਼ੁਰੂ ਹੋ ਰਹੀ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ...

Hardik Pandya & Ravinder Jadeja

ਨਵੀਂ ਦਿੱਲੀ : ਆਸਟਰੇਲੀਆ ਦੇ ਵਿਰੁਧ 24 ਫਰਵਰੀ ਤੋਂ ਸ਼ੁਰੂ ਹੋ ਰਹੀ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਦੀ ਕਮਰ ਦਾ ਹੇਠਲਾ ਹਿੱਸਾ ਆਕੜ ਜਾਣ ਦੀ ਵਜ੍ਹਾ ਕਰਕੇ ਕੰਗਾਰੂਆਂ ਦੇ ਵਿਰੁਧ ਸੀਰੀਜ਼ ਵਿਚ ਨਹੀਂ ਖੇਡ ਸਕਣਗੇ। BCCI ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਹਾਰਦਿਕ ਪਾਂਡਿਆ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ 5 ਵਨਡੇ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ।

ਹਾਲਾਂਕਿ ਟੀ-20 ਟੀਮ ਲਈ ਪਾਂਡਿਆ ਦੇ ਵਿਕਲਪ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਹਾਰਦਿਕ ਪਾਂਡਿਆ ਦੀ ਕਮਰ ਦੇ ਹੇਠਲੇ ਹਿੱਸੇ ਵਿਚ ਸਮੱਸਿਆ ਦੇ ਉਪਚਾਰ ਲਈ ਬੈਂਗਲੁਰੂ ਵਿਚ ਨੈਸ਼ਨਲ ਕ੍ਰਿਕੇਟ ਅਕੈਡਮੀ ਵਿਚ ਜਾਣ ਨੂੰ ਕਿਹਾ ਗਿਆ ਹੈ। ਪਾਂਡਿਆ ਅਗਲੇ ਹਫ਼ਤੇ NCA ਜਾਣਗੇ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਪਾਂਡਿਆ ਨੂੰ ਆਰਾਮ ਦੇਣ ਦਾ ਫ਼ੈਸਲਾ ਕੀਤਾ ਹੈ। ਉਹ ਐਨਸੀਏ ਵਿਚ ਮੈਡੀਕਲ ਟੀਮ ਦੀ ਦੇਖਭਾਲ ਵਿਚ ਰਹਿਣਗੇ। ਪਾਂਡਿਆ ਅਗਲੇ ਹਫ਼ਤੇ ਤੋਂ ਅਪਣੀ ਚੋਟ ਉਤੇ ਕੰਮ ਕਰਨਗੇ।

ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿਚ ਵੀ ਕਮਰ ਵਿਚ ਚੋਟ ਲੱਗਣ ਦੇ ਕਾਰਨ ਇਹ ਭਾਰਤੀ ਆਲਰਾਉਂਡਰ ਏਸ਼ੀਆ ਕੱਪ ਤੋਂ ਬਾਹਰ ਹੋ ਗਿਆ ਸੀ। ਇਹ ਘਟਨਾ ਪਾਕਿਸਤਾਨ ਦੀ ਪਾਰੀ ਦੇ 18ਵੇਂ ਓਵਰ ਵਿਚ ਵਾਪਰੀ ਸੀ, ਜਦੋਂ ਪਾਂਡਿਆ ਅਪਣਾ ਪੰਜਵਾਂ ਓਵਰ ਸੁੱਟ ਰਹੇ ਸਨ। ਪੰਜਵੀਂ ਗੇਂਦ ਸੁੱਟਣ ਤੋਂ ਬਾਅਦ ਉਨ੍ਹਾਂ ਨੇ ਅਪਣੀ ਕਮਰ ਫੜ ਲਈ ਅਤੇ ਕਾਫ਼ੀ ਦਰਦ ਦੇ ਨਾਲ ਮੈਦਾਨ ਵਿਚ ਲੰਮੇ ਪੈ ਗਏ ਸਨ।