ਨੇਪਾਲ ਦੇ ਨੌਜਵਾਨ ਕ੍ਰਿਕੇਟਰ ਰੋਹਿਤ ਪਾਉਡੇਲ ਨੇ ਤੋੜਿਆ ਸਚਿਨ ਦਾ ਅਰਧ ਸੈਂਕੜੇ ਦਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨੇਪਾਲ ਦੇ ਰੋਹਿਤ ਪਾਉਡੇਲ ਨੇ ਇੰਟਰਨੈਸ਼ਨਲ ਕ੍ਰਿਕੇਟ (ਮਰਦਾਂ) ਵਿਚ ਸੱਭ ਤੋਂ ਘੱਟ ਉਮਰ ਵਿਚ ਹਾਫ ਸੈਂਚੁਰੀ ਬਣਾਉਣ ਦਾ ਰਿਕਾਰਡ ਬਣਾ ਦਿਤਾ ਹੈ। 16 ਸਾਲ...

Rohit Paudel and Sachin Tendulkar

ਨਵੀਂ ਦਿੱਲੀ : ਨੇਪਾਲ ਦੇ ਰੋਹਿਤ ਪਾਉਡੇਲ ਨੇ ਇੰਟਰਨੈਸ਼ਨਲ ਕ੍ਰਿਕੇਟ (ਮਰਦਾਂ) ਵਿਚ ਸੱਭ ਤੋਂ ਘੱਟ ਉਮਰ ਵਿਚ ਹਾਫ ਸੈਂਚੁਰੀ ਬਣਾਉਣ ਦਾ ਰਿਕਾਰਡ ਬਣਾ ਦਿਤਾ ਹੈ। 16 ਸਾਲ 146 ਦਿਨ ਦੀ ਉਮਰ ਵਿਚ ਉਸ ਨੇ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ਼ 55 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਉਸ ਨੇ ਗਾਡ ਆਫ਼ ਕ੍ਰਿਕੇਟ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦਾ 29 ਸਾਲ ਪੁਰਾਣਾ ਰਿਕਾਰਡ ਵੀ ਤੋਡ਼ ਦਿਤਾ।

ਮਰਦ ਕ੍ਰਿਕੇਟ ਵਿਚ ਸੱਭ ਤੋਂ ਘੱਟ ਉਮਰ ਵਿਚ ਅੰਤਰਰਾਸ਼ਟਰੀ ਅਰਧ ਸੈਂਚੁਰੀ ਲਗਾਉਣ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਸੀ ਜਿਨ੍ਹਾਂ ਨੇ 16 ਸਾਲ ਅਤੇ 213 ਦਿਨਾਂ ਦੀ ਉਮਰ ਵਿਚ ਪਾਕਿਸਤਾਨ ਦੇ ਖਿਲਾਫ 59 ਦੌੜਾਂ ਦੀ ਪਾਰੀ ਖੇਡੀ ਸੀ। ਇਹ ਮੈਚ 23 ਨਵੰਬਰ 1989 ਨੂੰ ਪਾਕਿਸਤਾਨ ਦੇ ਫ਼ੈਸਲਾਬਾਦ ਵਿਚ ਖੇਡਿਆ ਗਿਆ ਸੀ। ਨੇਪਾਲ ਦੇ ਰੋਹਿਤ ਨੇ ਪਾਕਿਸਤਾਨ ਦੇ ਸ਼ਾਹਿਦ ਅਫ਼ਰੀਦੀ ਦੇ ਵਨਡੇ ਇੰਟਰਨੈਸ਼ਨਲ ਵਿਚ ਸੱਭ ਤੋਂ ਨੌਜਵਾਨ ਹਾਫ਼ ਸੈਂਚੁਰੀਅਨ ਦਾ ਰਿਕਾਰਡ ਨੂੰ ਵੀ ਤੋੜਿਆ।

ਅਫ਼ਰੀਦੀ ਨੇ ਲਗਭੱਗ 23 ਸਾਲ ਪਹਿਲਾਂ 16 ਸਾਲ 217 ਦੀ ਉਮਰ ਵਿਚ ਵਨਡੇ ਇੰਟਰਨੈਸ਼ਨਲ ਵਿਚ 50 ਦੀ ਗਿਣਤੀ ਪਾਰ ਕੀਤੀ ਸੀ। ਉਨ੍ਹਾਂ ਨੇ ਉਸ ਮੈਚ ਵਿਚ 102 ਦੌੜਾਂ ਦੀ ਪਾਰੀ ਖੇਡੀ ਸੀ। 1996 ਵਿਚ ਨੈਰੋਬੀ ਵਿਚ ਸ਼੍ਰੀਲੰਕਾ ਖਿਲਾਫ਼ ਖੇਡੇ ਗਏ ਮੈਚ ਵਿਚ ਉਹਨਾਂ ਨੇ ਸਿਰਫ਼ 37 ਗੇਂਦਾਂ 'ਤੇ ਸੈਂਕੜਾ ਬਣਾ ਕੇ ਰਿਕਾਰਡ ਕਾਇਮ ਕੀਤਾ ਸੀ। ਸਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਪਾਉਡੇਲ ਨੇ 58 ਗੇਂਦਾਂ 'ਤੇ 55 ਦੌੜਾਂ ਬਣਾਈਆਂ। ਉਨ੍ਹਾਂ ਨੇ ਅਪਣੀ ਪਾਰੀ ਵਿਚ 7 ਚੌਕੇ ਲਗਾਏ। ਉਨ੍ਹਾਂ ਦੀ ਪਾਰੀ ਦੀ ਬਦੌਲਤ ਨੇਪਾਲ ਨੇ 50 ਓਵਰਾਂ ਵਿਚ 9 ਵਿਕੇਟ 'ਤੇ 242 ਦੌੜਾਂ ਬਣਾਈਆਂ ਸਨ।

ਜਵਾਬ ਵਿਚ ਮੇਜ਼ਬਾਨ ਯੂਏਈ ਦੀ ਪੂਰੀ ਟੀਮ 97 ਦੌੜਾਂ 'ਤੇ ਆਲ ਆਉਟ ਹੋ ਗਈ ਅਤੇ ਨੇਪਾਲ ਨੇ 145 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ 1 - 1 ਨਾਲ ਬਰਾਬਰ ਹੋ ਗਈ। ਯੂਏਈ ਨੇ ਪਹਿਲਾ ਮੈਜ ਜਿੱਤੀਆ ਸੀ। ਅੰਤਰਰਾਸ਼ਟਰੀ ਕ੍ਰਿਕੇਟ ਵਿਚ ਸੱਭਤੋਂ ਘੱਟ ਉਮਰ ਵਿਚ ਹਾਫ਼ ਸੈਂਚੁਰੀ ਬਣਾਉਣ ਦਾ ਰਿਕਾਰਡ ਸਾਉਥ ਅਫਰੀਕਾ ਦੀ ਮਹਿਲਾ ਕ੍ਰਿਕੇਟਰ ਜੋਹਮਰੀ ਲਾਗਟੇਨਬਰਗ ਦੇ ਨਾਮ ਹੈ ਜਿਨ੍ਹਾਂ ਨੇ ਸਿਰਫ਼ 14 ਸਾਲ ਦੀ ਉਮਰ ਵਿਚ ਅਰਧ ਸੈਂਕੜਾ ਲਗਾਇਆ।