ਕੋਹਲੀ ਨੰਬਰ ਇਕ, ਯਾਦਵ ਪਹਿਲੇ ਦਸਾਂ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈਸੀਸੀ ਇਕ ਦਿਨਾ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਰਕਰਾਰ ਹਨ...........

Virat Kohli

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈਸੀਸੀ ਇਕ ਦਿਨਾ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਰਕਰਾਰ ਹਨ। ਆਈਸੀਸੀ ਦੀ ਤਾਜ਼ਾ ਰੈਂਕਿੰਗ 'ਚ ਪਹਿਲੀ ਵਾਰ 911 ਅੰਕਾਂ ਤਕ ਪਹੁੰਚੇ। ਕੋਹਲੀ ਨੇ ਇੰਗਲੈਂਡ ਵਿਰੁਧ ਖ਼ਤਮ ਹੋਈ ਇਕ ਦਿਨਾ ਲੜੀ 'ਚ 191 ਦੌੜਾਂ ਬਣਾਈਆਂ। ਇਸ ਨਾਲ ਉਨ੍ਹਾਂ ਨੂੰ ਦੋ ਅੰਕ ਮਿਲੇ। 1991 'ਚ ਆਸਟ੍ਰੇਲੀਆ ਦੇ ਡੀਨ ਜੋਂਸ ਨੂੰ 918 ਰੈਂਕਿੰਗ ਅੰਕ ਮਿਲੇ ਸਨ, ਇਸ ਤੋਂ ਬਾਅਦ ਕਿਸੇ ਬੱਲੇਬਾਜ਼ ਨੂੰ ਮਿਲੇ ਇਹ ਸੱਭ ਤੋਂ ਜ਼ਿਆਦਾ ਅੰਕ ਹਨ। ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੇ ਪਹਿਲੀ ਵਾਰ ਗੇਂਦਬਾਜ਼ਾਂ ਦੀ ਟਾਪ-10 'ਚ ਜਗ੍ਹਾ ਬਣਾਈ। ਉਹ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਇੰਗਲੈਂਡ ਵਿਰੁਧ ਇਕ ਦਿਨਾ ਲੜੀ 'ਚ ਕੁਲਦੀਪ ਨੇ ਮੈਚ 'ਚ 9 ਵਿਕਟਾਂ ਲਈਆਂ। ਉਸ ਨੇ ਨਾਟਿੰਘਮ 'ਚ 25 ਦੌੜਾਂ ਦੇ ਕੇ ਵਿਕਟਾਂ ਲਈਆਂ ਸਨ। ਕੁਲਦੀਪ 8 ਸਥਾਨਾਂ ਦੀ ਛਲਾਂਗ ਨਾਲ ਛੇਵੇਂ ਨੰਬਰ 'ਤੇ ਪਹੁੰਚ ਗਿਆ ਹੈ। ਟਾਪ-10 ਗੇਂਦਬਾਜ਼ਾਂ 'ਚ ਕੁਲਦੀਪ ਤੀਜੇ ਭਾਰਤੀ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲੇ ਅਤੇ ਸਪਿਨਰ ਯੁਜਵੇਂਦਰ ਚਹਿਲ 10ਵੇਂ ਸਥਾਨ 'ਤੇ ਹਨ। ਉਹ ਇਸ ਲਿਸਟ 'ਚ ਸ਼ਾਮਲ ਹੋਣ ਵਾਲੇ 5ਵੇਂ ਸਪਿਨਰ ਵੀ ਹਨ। ਲਿਸਟ 'ਚ ਹੋਰ ਸਪਿਨਰ ਅਫ਼ਗਾਨਿਸਤਾਨ ਦੇ ਰਾਸ਼ਿਦ ਖ਼ਾਨ ਦੂਜੇ, ਦੱਖਣੀ ਅਫ਼ਰੀਕਾ ਦੇ ਇਮਰਾਨ ਤਾਹਿਰ 7ਵੇਂ,

ਇੰਗਲੈਂਡ ਦੇ ਆਦਿਸ਼ ਰਸ਼ੀਦ 8ਵੇਂ ਅਤੇ ਭਾਰਤ ਦੇ ਯੁਜਵੇਂਦਰ ਚਹਿਲ 10ਵੇਂ ਸਥਾਨ 'ਤੇ ਹਨ। ਇਕ ਦਿਨਾ ਰੈਂਕਿੰਗ 'ਚ ਟਾਪ-10 ਬੱਲੇਬਾਜ਼ਾਂ 'ਚ ਕੋਹਲੀ ਦੇ ਨਾਲ-ਨਾਲ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਵੀ ਸ਼ਾਮਲ ਹਨ। ਰੋਹਿਤ ਚੌਥੇ ਅਤੇ ਧਵਨ 10ਵੇਂ ਸਥਾਨ 'ਤੇ ਹਨ। ਉਨ੍ਹਾਂ ਤੋਂ ਬਾਅਦ ਮਹਿੰਦਰ ਸਿੰਘ ਧੋਨੀ 14ਵੇਂ ਸਥਾਨ 'ਤੇ ਹਨ।  ਇੰਗਲੈਂਡ ਦੇ ਜੋ ਰੂਟ ਦੂਜੇ, ਪਾਕਿਸਤਾਨ ਦੇ ਬਾਬਰ ਆਜ਼ਮ ਤੀਜੇ ਅਤੇ ਆਸਟ੍ਰੇਲੀਆ ਦੇ ਡੇਵਿਡ ਵਾਰਨਰ 5ਵੇਂ ਸਥਾਨ 'ਤੇ ਹਨ। ਇਕ ਦਿਨਾ ਦੇ ਟਾਪ-10 ਆਲਰਾਊਂਡਰ 'ਚ ਭਾਰਤ ਦਾ ਕੋਈ ਵੀ ਖਿਡਾਰੀ ਸ਼ਾਮਲ ਨਹੀਂ ਹੈ। ਟਾਪ-20 'ਚ ਹਾਰਦਿਕ ਪਾਂਡਿਆ (15ਵਾਂ ਸਥਾਨ) ਇਕਲੌਤਾ ਆਲਰਾਊਂਡਰ ਹੈ।  (ਏਜੰਸੀ)