ਰਾਸ਼ਟਰੀ ਪੱਧਰ ਦੀ ਖਿਡਾਰਨ ਘਰ-ਘਰ ਜਾ ਕੇ ਬਰੈੱਡ ਵੇਚਣ ਲਈ ਮਜਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਤੀ ਵਲੋਂ ਸਾਲ ਪਹਿਲਾਂ ਜਾਨੋਂ ਮਾਰਨ ਦੀ ਕੀਤੀ ਗਈ ਸੀ ਕੋਸ਼ਿਸ਼ : ਅੰਮ੍ਰਿਤ ਕੌਰ

File

ਪਟਿਆਲਾ: ਵੇਟਲਿਫ਼ਟਿੰਗ ਵਿਚ ਰਾਸ਼ਟਰੀ ਪੱਧਰ ਉਤੇ ਪਟਿਆਲਾ ਦਾ ਨਾਮ ਰੌਸ਼ਨ ਕਰਨ ਵਾਲੀ ਖਿਡਾਰਨ ਅੰਮ੍ਰਿਤ ਕੌਰ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਉਹ ਅੱਜ ਕਲ ਸਾਈਕਲ ਉਤੇ ਘਰ ਘਰ ਜਾ ਕੇ ਬਰੈੱਡ ਅਤੇ ਦੁੱਧ ਵੇਚ ਕੇ ਅਪਣੇ ਬੱਚੇ ਪਾਲ ਰਹੀ ਹੈ। ਅੰਮ੍ਰਿਤ ਕੌਰ ਨੇ ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਅਪਣੀ ਗੁਰਬਤ ਭਰੀ ਕਹਾਣੀ ਸਾਂਝੀ ਕੀਤੀ।

ਅੰਮ੍ਰਿਤ ਕੌਰ ਨੇ ਦਸਿਆ ਕਿ ਜਦੋਂ ਉਸ ਨੇ ਦੇਸ਼ ਲਈ  ਵੇਟਲਿਫ਼ਟਿੰਗ ਦੇ ਮੁਕਾਬਲਿਆਂ ਵਿਚ ਜਿੱਤ ਹਾਸਲ ਕਰ ਕੇ ਸੋਨੇ ਦੇ ਤਮਗ਼ੇ ਜਿੱਤੇ ਉਦੋਂ ਉਸ ਨੂੰ ਆਸ ਸੀ ਕਿ ਉਸ ਦਾ ਆਉਣ ਵਾਲਾ ਭਵਿੱਖ ਬਹੁਤ ਹੀ ਉਜਵਲ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਅੰਮ੍ਰਿਤ ਕੌਰ ਨੇ ਅਪਣੀ ਕਹਾਣੀ ਦਸਦਿਆਂ ਕਿਹਾ ਕਿ ਉਸ ਦੇ ਦੋ ਬੱਚੇ ਹਨ, ਇਕ ਕੁੜੀ ਅਤੇ ਇਕ ਮੁੰਡਾ ਜੋ ਅਜੇ ਬਹੁਤ ਛੋਟੇ ਹਨ। ਇਕ ਸਾਲ ਪਹਿਲਾਂ ਗੁੱਸੇ ਵਿਚ ਆਏ ਉਸ ਦੇ ਪਤੀ ਨੇ ਉਸ ਦਾ ਚਾਕੂ ਮਾਰ ਕੇ ਗਲਾ ਵੱਢ ਦਿਤਾ ਸੀ ਤੇ ਉਹ ਮਸਾਂ ਹੀ ਬਚੀ ਸੀ ਤੇ ਉਹ ਵੱਢਿਆ ਗਲਾ ਲੈ ਕੇ ਪੁਲਿਸ ਥਾਣੇ ਪਹੁੰਚੀ, ਪ੍ਰੰਤੂ ਪੁਲਿਸ ਵਲੋਂ ਉਸ ਦੀ ਕੋਈ ਮਦਦ ਨਾ ਕੀਤੀ ਗਈ।

ਅੰਮ੍ਰਿਤ ਕੌਰ ਨੇ ਕਿਹਾ ਕਿ ਜਦੋਂ ਉਹ ਇਸ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਲਈ ਗਈ ਸੀ ਤਾਂ ਉਸ ਤੋਂ ਬਾਅਦ ਉਸ ਦੀ ਸੱਸ ਨੇ ਉਸ ਦੇ ਬੱਚਿਆ ਨੂੰ ਅਲੱਗ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਸੱਸ ਵਲੋਂ ਪੁਲਿਸ ਨੂੰ ਹਜ਼ਾਰ ਰੁਪਏ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਨ ਲਈ ਕਿਹਾ, ਜਿਸ ਕਰ ਕੇ ਪੁਲਿਸ ਨੇ ਉਸ ਦੀ ਕੋਈ ਮਦਦ ਨਾ ਕੀਤੀ। ਉਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਛੱਡ ਦਿਤਾ।

ਉਹ ਦਰ ਦਰ ਭਟਕਦੀ ਇਨਸਾਫ਼ ਦੀ ਮੰਗ ਕਰਦੀ ਉੱਚ ਅਧਿਕਾਰੀਆਂ ਕੋਲ ਵੀ ਗਈ ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਹ ਸਵੇਰੇ 5 ਵਜ਼ੇ ਅਪਣੇ ਪੁੱਤਰ ਨਾਲ ਸਮਾਨ ਵੇਚਣ ਲਈ ਜਾਂਦੀ ਹੈ ਤੇ ਉਸ ਦਾ ਮੁੰਡਾ ਗਲੀ ਗਲੀ ਜਾ ਕੇ ਹੌਕਾ ਦਿੰਦਾ ਹੈ ''ਦੁੱਧ ਲੈਲੋ, ਬਰੈਡ ਲੈਲੋ''। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਪੁਲਿਸ ਇੰਸਪੈਕਟਰ ਬਣਨਾ ਚਾਹੁੰਦਾ ਹੈ ਅਤੇ ਇੰਨਸਾਫ਼ ਮੰਗਣ ਆਈ ਹਰ ਮਾਂ ਨੂੰ ਉਹ ਇਨਸਾਫ਼ ਦਵਾਉਣਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਉਹ ਬੱਚਿਆਂ ਦੇ ਸਕੂਲ ਦੀ ਫ਼ੀਸ ਵੀ ਨਹੀਂ ਭਰ ਸਕਦੀ। ਉਸ ਨੇ ਸਮਾਜ ਸੇਵੀ ਸੰਸਥਾਵਾਂ ਕੋਲ ਵੀ ਅਪਣੀ ਮਦਦ ਲਈ ਗੁਹਾਰ ਲਗਾਈ ਹੈ। ਅੰਮ੍ਰਿਤ ਕੌਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਅਪਣੇ ਛੋਟੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।