ਫ੍ਰੀ ਸਟਾਈਲ ਕੁਸ਼ਤੀ ਭਾਰਤ ਨੇ ਅਪਣੀ ਮੁਹਿੰਮ ਦਾ ਆਗਾਜ਼ ਜਿੱਤ ਨਾਲ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬਜਰੰਗ-ਰਾਣਾ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪੁਜੇ

Asian Wrestling C'ship: Bajrang Punia, Praveen Rana storm into finals

ਸ਼ਿਆਨ : ਭਾਰਤ ਨੇ ਪੁਰਸ਼ਾਂ ਦੀ ਫ੍ਰੀ ਸਟਾਈਲ ਕੁਸ਼ਤੀ ਵਿਚ ਅਪਣੀ ਮੁਹਿੰਮ ਦਾ ਆਗਾਜ਼ ਜਿੱਤ ਨਾਲ ਕੀਤਾ ਜਦੋਂ ਬਜਰੰਗ ਪੂਨੀਆ ਅਤੇ ਪ੍ਰਵੀਣ ਰਾਣਾ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਅਪਣੇ-ਅਪਣੇ ਭਾਰ ਵਰਗ ਦੇ ਫ਼ਾਈਨਲ 'ਚ ਪਹੁੰਚ ਗਏ। ਦੁਨੀਆ ਦੇ ਨੰਬਰ ਇਕ ਪਹਿਲਵਾਨ ਬਜਰੰਗ ਨੇ ਉਜ਼ਬੇਕਿਸਤਾਨ ਦੇ ਸਿਰੋਜਿਦਿਨ ਖਾਸਨੋਵ ਨੂੰ 12.1 ਨਾਲ ਹਰਾਇਆ। ਹੁਣ ਉਹ 65 ਕਿਲੋ ਭਾਰ ਵਰਗ ਦੇ ਫ਼ਾਈਨਲ ਵਿਚ ਕਜ਼ਾਖਸਤਾਨ ਦੇ ਸਾਇਆਤਬੇਕ ਓਕਾਸੋਵ ਨਾਲ ਖੇਡਣਗੇ। ਇਸ ਤੋਂ ਪਹਿਲਾਂ ਉਸ ਨੇ ਈਰਾਨ ਦੇ ਪੇਮੈਨ ਬਿਆਬਾਨੀ ਅਤੇ ਸ਼੍ਰੀਲੰਕਾ ਦੇ ਚਾਰਲਸ ਫਰਨ ਨੂੰ ਹਰਾਇਆ ਸੀ। 

ਰਾਣਾ ਨੇ 79 ਕਿਲੋ ਭਾਰ ਵਰਗ ਵਿਚ ਕਜ਼ਾਖਸਤਾਨ ਦੇ ਜੀ ਉਸੇਰਬਾਯੇਵ ਨੂੰ 3.2 ਨਾਲ ਹਰਾਇਆ। ਹੁਣ ਉਹ ਈਰਾਨ ਦੇ ਬਹਿਮਾਨ ਮੁਹੰਮਦ ਤੈਮੂਰੀ ਨਾਲ ਖੇਡਣਗੇ। ਇਸ ਤੋਂ ਪਹਿਲਾਂ ਉਸ ਨੇ ਜਾਪਾਨ ਦੇ ਯੂਤਾ ਏਬੇ ਅਤੇ ਮੰਗੋਲੀਆ ਦੇ ਟਗਸ ਅਰਡੇਨ ਨੂੰ ਹਰਾਇਆ ਸੀ। ਉੱਥੇ ਹੀ 57 ਕਿਲੋ ਭਾਰ ਵਰਗ ਵਿਚ ਰਵੀ ਕੁਮਾਰ ਕਾਂਸੀ ਤਮਗ਼ੇ ਦੇ ਪਲੇਆਫ਼ ਵਿਚ ਪਹੁੰਚ ਗਏ ਜਿਸ ਨੇ ਰੇਪੇਚੇਸ ਵਿਚ ਤਾਈਪੇ ਦੇ ਚਿਆ ਸੋ ਲਿਯੂ ਨੂੰ ਹਰਾਇਆ। ਹੁਣ ਉਹ ਜਾਪਾਨ ਦੇ ਯੂਕੀ ਤਾਕਾਸ਼ਾਹੀ ਨਾਲ ਖੇਡਣਗੇ।

ਸਤਿਆਵਰਤ ਕਾਦਿਆਨ ਨੇ ਵੀ 97 ਕਿਲੋ ਭਾਰ ਵਰਗ ਵਿਚ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ। ਉਸ ਨੂੰ ਕੁਆਰਟਰ ਫਾਈਨਲ ਵਿਚ ਬਤਜੁਲ ਉਲਜਿਸਾਈਖਾਨ ਨੇ ਹਰਾਇਆ ਪਰ ਮੰਗੋਲੀਆ ਦੇ ਇਸ ਪਹਿਲਵਾਨ ਦੇ ਫ਼ਾਈਨਲ ਵਿਚ ਪਹੁੰਚਣ ਨਾਲ ਉਸਨੇ ਕਾਂਸੀ ਤਮਗੇ ਮੁਕਾਬਲੇ ਵਿਚ ਜਗ੍ਹਾ ਬਣਾ ਲਈ। ਰਜਨੀਸ਼ 70 ਕਿਲੋ ਭਾਰ ਵਰਗ ਵਿਚ ਹਾਰ ਕੇ ਬਾਹਰ ਹੋ ਗਏ।