ਅਫ਼ਗਾਨਿਸਤਾਨ ਨੂੰ ਹਰਾ ਕੇ ਸੈਮੀਫ਼ਾਈਨਲ 'ਚ ਥਾਂ ਬਨਾਉਣ ਦੀ ਉਮੀਦ ਨਾਲ ਉਤਰੇਗਾ ਬੰਗਲਾਦੇਸ਼

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਕੱਪ 2019 : ਮਸ਼ਰਫ਼ੀ ਮੁਰਤਜ਼ਾ ਦੀ ਅਗਵਾਈ ਵਾਲੀ ਬੰਗਲਾਦੇਸ਼ੀ ਟੀਮ 5 ਅੰਕਾਂ ਨਾਲ ਛੇਵੇਂ ਸਥਾਨ 'ਤੇ ਕਾਬਜ਼

Bangladesh v Afghanistan: Bangladesh to keep slim title hopes alive

ਸਾਉਥਮਪਟਨ : ਸੈਮੀਫ਼ਾਈਨਲ ਦੀ ਉਮੀਦ ਸੁਰਜੀਤ ਰੱਖਣ ਲਈ ਬੇਤਾਬ ਬੰਗਲਾਦੇਸ਼ ਨੂੰ ਅੱਜ ਹੋਣ ਵਾਲੇ ਵਿਸ਼ਵ ਕੱਪ 2019 ਦੇ ਕਰੋ ਜਾਂ ਮਰੋ ਮੁਕਾਬਲੇ ਵਿਚ ਅਫ਼ਗਾਨਿਸਤਾਨ ਦੀ ਚੁਨੌਤੀ ਨਾਲ ਨਜਿਠਣਾ ਹੋਵੇਗਾ। ਸ਼ੁਕਰਵਾਰ ਨੂੰ ਸ੍ਰੀਲੰਕਾ ਹੱਥੋਂ ਇੰਗਲੈਂਡ ਦੀ ਹਾਰ ਨੇ ਬੰਗਲਾਦੇਸ਼ ਦੀ ਸੈਮੀਫ਼ਾਈਨਲ ਵਿਚ ਥਾਂ ਹਾਸਲ ਕਰਨ ਦੀ ਉਮੀਦ ਤੋੜ ਦਿਤੀ ਅਤੇ ਹੁਣ ਉਹ ਨਿਚਲੇ ਸਥਾਨ 'ਤੇ ਕਾਬਜ਼ ਅਫ਼ਗਾਨਿਸਤਾਨ ਵਿਰੁਧ ਜਿੱਤ ਨਾਲ ਮੌਕੇ ਦਾ ਫ਼ਾਇਦਾ ਚੁੱਕਣਾ ਚਾਹੇਗਾ।

ਮਸ਼ਰਫ਼ੀ ਮੁਰਤਜ਼ਾ ਦੀ ਅਗਵਾਈ ਵਾਲੀ ਟੀਮ ਹੁਣ ਤਕ ਪੰਜ ਅੰਕ ਨਾਲ ਛੇਵੇਂ ਸਥਾਨ 'ਤੇ ਕਾਬਜ਼ ਹੈ। ਹਾਲਾਂਕਿ ਉਸ ਨੇ ਟੂਰਨਾਮੈਂਟ ਵਿਚ ਹਾਲੇ ਤਕ ਬਹੁਤ ਚੰਗੀ ਬੱਲੇਬਾਜ਼ੀ ਕੀਤੀ ਹੈ। ਵੈਸਟਇੰਡੀਜ਼ ਵਿਰੁਧ 322 ਦੌੜਾਂ ਦੇ ਟੀਚੇ ਨੂੰ ਬੰਗਲਾਦੇਸ਼ ਨੇ ਮਹਿਜ਼ 41.3 ਓਵਰਾਂ ਵਿਚ ਹਾਸਲ ਕਰ ਲਿਆ ਅਤੇ ਆਸਟਰੇਲੀਆ ਵਿਰੁਧ ਮੈਚ ਵਿਚ ਉਸ ਨੇ 382 ਦੌੜਾਂ ਦਾ ਪਿੱਛਾ ਕਰਦੇ ਹੋਏ ਅੱਠ ਵਿਕਟ 'ਤੇ 333 ਦੌੜਾਂ ਬਣਾਈਆਂ। ਸ਼ਾਕਿਬ ਅਲ ਹਸਨ ਨੂੰ ਬੱਲੇਬਾਜ਼ੀ ਕ੍ਰਮ ਵਿਚ ਉਪਰ ਭੇਜਣਾ ਵਿਸ਼ਵ ਕੱਪ ਵਿਚ ਅਹਿਮ ਚੀਜ਼ ਰਹੀ ਹੈ। ਇਹ ਹਰਫ਼ਨਮੌਲਾ ਆਸਟਰੇਲੀਆ ਦੇ ਡੇਵਿਡ ਵਾਰਨਰ ਤੋਂ ਸਿਰਫ਼ 22 ਦੌੜਾਂ ਪਿੱਛੇ ਹੈ ਜੋ ਟੂਰਨਾਮੈਂਟ ਦੇ ਚੋਟੀ ਦੇ ਬੱਲੇਬਾਜ਼ ਹਨ। 

ਉਨ੍ਹਾਂ ਦੀ ਗੇਂਦਬਾਜ਼ੀ ਹਾਲਾਂਕਿ ਇਨੀ ਚੰਗੀ ਨਹੀਂ ਰਹੀ ਕਿਉਂਕਿ ਬੰਗਲਾਦੇਸ਼ ਨੇ ਅਪਣੇ ਤਿੰਨ ਮੈਚਾਂ ਵਿਚ ਹਰ ਮੈਚ ਵਿਚ 320 ਦੌੜਾਂ ਤੋਂ ਜ਼ਿਆਦਾ ਦਿਤੀਆਂ ਹਨ ਅਤੇ ਗੇਂਦਬਾਜ਼ਾਂ ਨੂੰ ਅਪਣੇ ਪ੍ਰਦਰਸ਼ਨ ਵਿਚ ਸੁਧਾਰ ਕਰ ਕੇ ਬੱਲੇਬਾਜ਼ਾਂ ਤੋਂ ਥੋੜ੍ਹਾ ਦਬਾਅ ਘੱਟ ਕਰਨਾ ਹੋਵੇਗਾ। ਉਥੇ ਹੀ ਅਫ਼ਗਾਨਿਸਤਾਨ ਦੀ ਟੀਮ ਹੁਣ ਵੀ ਟੂਰਨਾਮੈਂਟ ਵਿਚ ਅਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਹ ਭਾਰਤ ਵਿਰੁਧ ਪਿਛਲੇ ਮੈਚ ਤੋਂ ਪ੍ਰੇਰਨਾ ਲੈਣਾ ਚਾਹੇਗੀ।

ਇਥੋਂ ਦੇ ਹਾਲਾਤ ਉਨ੍ਹਾਂ ਦੇ ਤਜ਼ੁਰਬੇ ਨੂੰ ਦੇਖਦੇ ਹੋਏ ਕਪਤਾਨ ਗੁਲਬਦਨ ਨਾਯਬ ਫਿਰ ਤੋਂ ਅਪਣੇ ਸਪਿਨਰਾਂ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਰਖਦੇ ਹਨ ਤਾਂਕਿ ਅੱਜ ਲੈਅ ਵਿਚ ਚੱਲ ਰਹੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਜਲਦੀ ਪਵੇਲੀਅਨ ਭੇਜ ਸਕਣ। ਮੌਸਮ ਦੇ ਗਰਮ ਰਹਿਣ ਦੀ ਉਮੀਦ ਹੈ ਅਤੇ ਪਿੱਚ ਸੁੱਕੀ ਹੋਣ ਕਰ ਕੇ ਗੇਂਦ ਸਪਿਨ ਹੋਵੇਗੀ ਜਿਵੇਂ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਮੈਚ ਦੌਰਾਨ ਹੋਈ ਸੀ। ਅਫ਼ਗਾਨਿਸਤਾਨ ਦੇ ਬੱਲੇਬਾਜ਼ਾਂ ਨੂੰ ਹਾਲਾਂਕਿ ਮਨ ਮੁਤਾਬਕ ਨਤੀਜੇ ਹਾਸਲ ਕਰਨ ਲਈ ਲੰਬੇ ਸਮੇਂ ਤਕ ਕਰੀਜ਼ 'ਤੇ ਡਟੇ ਰਹਿਣ 'ਤੇ ਧਿਆਨ ਲਗਾਉਣਾ ਹੋਵੇਗਾ। ਇੰਗਲੈਂਡ ਵਿਰੁਧ ਉਨ੍ਹਾਂ ਨੇ ਟੂਰਨਾਮੈਂਟ ਵਿਚ ਪਹਿਲੀ ਵਾਰ 50 ਓਵਰ ਖੇਡੇ ਸਨ।