Australia Vs Netherlands News: ਗਲੇਨ ਮੈਕਸਵੈੱਲ ਨੇ ਬਣਾਇਆ ਵਿਸ਼ਵ ਕੱਪ ਟੂਰਨਾਮੈਂਟਾਂ ’ਚ ਸੱਭ ਤੋਂ ਤੇਜ਼ ਸੈਂਕੜੇ ਦਾ ਰੀਕਾਰਡ
40 ਗੇਂਦਾਂ ’ਚ ਜੜ ਦਿਤਾ ਸੈਂਕੜਾ
Australia Vs Netherlands News: ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਨੇ ਬੁਧਵਾਰ ਨੂੰ ਨੀਦਰਲੈਂਡ ਵਿਰੁਧ ਮੈਚ ਵਿਚ ਵਨ ਡੇ ਵਿਸ਼ਵ ਕੱਪ ਦਾ ਸੱਭ ਤੋਂ ਤੇਜ਼ ਸੈਂਕੜਾ ਲਗਾਇਆ ਅਤੇ ਸਿਰਫ 40 ਗੇਂਦਾਂ ਵਿਚ ਤੀਹਰੇ ਅੰਕ ਨੂੰ ਛੂਹ ਲਿਆ। ਉਸ ਨੇ ਬਾਸ ਡੀ ਲੀਡੇ ਦੀ 49ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਛੱਕਾ ਲਗਾ ਕੇ ਅਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਵਨਡੇ ਵਿਸ਼ਵ ਕੱਪ 'ਚ ਸੱਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਏਡਨ ਮਾਰਕਰਮ ਦੇ ਨਾਂਅ ਸੀ, ਜਿਸ ਨੇ ਇਸੇ ਵਿਸ਼ਵ ਕੱਪ 'ਚ 7 ਅਕਤੂਬਰ ਨੂੰ ਸ਼੍ਰੀਲੰਕਾ ਵਿਰੁਧ 49 ਗੇਂਦਾਂ 'ਚ 106 ਦੌੜਾਂ ਬਣਾਈਆਂ ਸਨ।
ਵਨਡੇ ਕ੍ਰਿਕਟ ਦੇ ਇਤਿਹਾਸ ਵਿਚ ਇਹ ਚੌਥਾ ਸੱਭ ਤੋਂ ਤੇਜ਼ ਸੈਂਕੜਾ ਹੈ। ਸੱਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਜ਼ ਦੇ ਨਾਂਅ ਹੈ, ਜਿਸ ਨੇ 2015 'ਚ ਵੈਸਟਇੰਡੀਜ਼ ਵਿਰੁਧ ਸਿਰਫ 31 ਗੇਂਦਾਂ 'ਤੇ 149 ਦੌੜਾਂ ਬਣਾਈਆਂ ਸਨ, ਜਿਸ 'ਚ 16 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਨਿਊਜ਼ੀਲੈਂਡ ਦੇ ਕੋਰੀ ਐਂਡਰਸਨ ਨੇ 2014 'ਚ ਵੈਸਟਇੰਡੀਜ਼ ਵਿਰੁਧ 36 ਗੇਂਦਾਂ 'ਚ 131 ਦੌੜਾਂ ਬਣਾਈਆਂ ਸਨ। ਇਸ ਸੂਚੀ 'ਚ ਤੀਜੇ ਸਥਾਨ 'ਤੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਹਨ, ਜਿਨ੍ਹਾਂ ਨੇ 1996 'ਚ ਨੈਰੋਬੀ 'ਚ ਸ਼੍ਰੀਲੰਕਾ ਵਿਰੁਧ 37 ਗੇਂਦਾਂ 'ਚ 102 ਦੌੜਾਂ ਬਣਾਈਆਂ ਸਨ।
ਮੈਕਸਵੈੱਲ ਨੇ ਡੱਚ ਟੀਮ ਵਿਰੁਧ 44 ਗੇਂਦਾਂ 'ਤੇ ਨੌਂ ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ 106 ਦੌੜਾਂ ਦੀ ਪਾਰੀ ਖੇਡੀ। ਵਿਸ਼ਵ ਕੱਪ 'ਚ ਸੱਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਆਇਰਲੈਂਡ ਦਾ ਕੇਵਿਨ ਓ ਬ੍ਰਾਇਨ ਹੈ, ਜਿਸ ਨੇ 2011 'ਚ ਇੰਗਲੈਂਡ ਵਿਰੁਧ 50 ਗੇਂਦਾਂ 'ਚ 113 ਦੌੜਾਂ ਬਣਾਈਆਂ ਸਨ।
ਮੈਕਸਵੈੱਲ ਨੇ ਇਸ ਤੋਂ ਪਹਿਲਾਂ 2015 'ਚ ਸ਼੍ਰੀਲੰਕਾ ਵਿਰੁਧ 51 ਗੇਂਦਾਂ 'ਚ 102 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਸ ਨੇ 2015 'ਚ ਵੈਸਟਇੰਡੀਜ਼ ਵਿਰੁਧ 52 ਗੇਂਦਾਂ 'ਤੇ 162 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਇਸ ਸੂਚੀ 'ਚ ਸੱਤਵੇਂ ਸਥਾਨ 'ਤੇ ਹਨ, ਜਿਨ੍ਹਾਂ ਨੇ ਇਸੇ ਵਿਸ਼ਵ ਕੱਪ 'ਚ 11 ਅਕਤੂਬਰ ਨੂੰ ਅਫਗਾਨਿਸਤਾਨ ਵਿਰੁਧ 63 ਗੇਂਦਾਂ 'ਚ 131 ਦੌੜਾਂ ਬਣਾਈਆਂ ਸਨ।
(For more latest news in Punjabi apart from Glenn Maxwell gets to his century in style , Stay Tuned to Rozana Spokesman)