ਟੀਮ ਇੰਡੀਆ ਦਾ ਗਣਤੰਤਰ ਦਿਵਸ ‘ਤੇ ਦੇਸ਼ ਨੂੰ ਤੋਹਫ਼ਾ, ਨਿਊਜੀਲੈਂਡ ਨੂੰ ਦਿਤੀ 90 ਦੌੜਾਂ ਨਾਲ ਮਾਤ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ ਸ਼ਨੀਵਾਰ ਨੂੰ ਓਵਲ ਮੈਦਾਨ ਉਤੇ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਨਿਊਜੀਲੈਂਡ ਨੂੰ 90 ਦੌੜਾਂ....

India-New Zealand Team

ਮਾਊਟ ਮੌਨਗੂਜੀ : ਭਾਰਤ ਨੇ ਸ਼ਨੀਵਾਰ ਨੂੰ ਓਵਲ ਮੈਦਾਨ ਉਤੇ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਨਿਊਜੀਲੈਂਡ ਨੂੰ 90 ਦੌੜਾਂ ਨਾਲ ਹਰਾ ਦਿਤਾ। ਇਸ ਦੇ ਨਾਲ ਭਾਰਤ ਨੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿਚ 2-0 ਦਾ ਵਾਧਾ ਲੈ ਲਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ਵਿਚ ਚਾਰ ਵਿਕੇਟ ਦੇ ਨੁਕਸਾਨ ਉਤੇ 324 ਦੌੜਾਂ ਬਣਾਈਆਂ ਸਨ। ਕੀਵੀ ਟੀਮ ਇਸ ਟੀਚੇ ਨੂੰ ਹਾਸਲ ਨਹੀਂ ਕਰ ਸਕੀ ਅਤੇ 40.2 ਓਵਰਾਂ ਵਿਚ 234 ਦੌੜਾਂ ਉਤੇ ਢੇਰ ਹੋ ਕੇ ਮੈਚ ਹਾਰ ਗਈ।

ਕੀਵੀ ਟੀਮ ਲਈ ਸਭ ਤੋਂ ਜ਼ਿਆਦਾ 57  ਦੌੜਾਂ ਬਰੈਸਵੇਲ ਨੇ ਬਣਾਈਆਂ। ਉਨ੍ਹਾਂ ਨੇ ਅਪਣੀ ਪਾਰੀ ਵਿਚ 46 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਪੰਜ ਚੌਕੇ ਅਤੇ ਤਿੰਨ ਛੱਕੇ ਲਗਾਏ। ਭਾਰਤ ਲਈ ਕੁਲਦੀਪ ਯਾਦਵ ਨੇ ਚਾਰ ਵਿਕੇਟ ਲਏ। ਭੁਵਨੇਸ਼ਵਰ ਕੁਮਾਰ ਅਤੇ ਯੁਜਵਿੰਦਰ ਚਹਿਲ ਨੂੰ ਦੋ-ਦੋ ਸਫਲਤਾਵਾਂ ਮਿਲੀਆਂ। ਮੁਹੰਮਦ ਸ਼ਮੀ ਅਤੇ ਕੇਦਾਰ ਜਾਧਵ ਨੂੰ ਇਕ ਵਿਕੇਟ ਮਿਲਿਆ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਲਈ ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ 87 ਦੌੜਾਂ ਬਣਾਈਆਂ ਜਿਸ ਦੇ ਲਈ ਉਨ੍ਹਾਂ ਨੇ 96 ਗੇਂਦਾਂ ਦਾ ਸਾਹਮਣਾ ਕੀਤਾ। ਰੋਹਿਤ ਦੀ ਪਾਰੀ ਵਿਚ ਨੌਂ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਰਹੇ। ਸ਼ਿਖਰ ਧਵਨ ਨੇ 67 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਨੌਂ ਚੌਕੀਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਨਿਊਜੀਲੈਂਡ ਲਈ ਟਰੈਂਟ ਬੋਲਟ ਅਤੇ ਲਾਕੀ ਫਰਗਿਊਸਨ ਨੇ ਦੋ - ਦੋ ਵਿਕੇਟ ਲਏ।