ਵੱਡਾ ਖ਼ਤਰਾ: ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ਦੀ ਮਿਹਨਤ 'ਤੇ ਫਿਰ ਸਕਦੈ ਪਾਣੀ

ਏਜੰਸੀ

ਖ਼ਬਰਾਂ, ਖੇਡਾਂ

ਟੋਕਿਓ ਓਲੰਪਿਕ ‘ਤੇ ਪੈ ਸਕਦਾ ਹੈ ਕੋਰੋਨਾ ਵਾਇਰਸ ਦਾ ਅਸਰ, ਖੇਡਾਂ ਹੋ ਸਕਦੀਆਂ ਨੇ ਰੱਦ

File

ਟੋਕਿਓ ਇਸ ਸਾਲ ਜੁਲਾਈ ਵਿਚ ਹੋਣ ਵਾਲੇ ਟੋਕਿਓ ਓਲੰਪਿਕ ‘ਤੇ ਲੰਬੇ ਸਮੇਂ ਤੋਂ ਕੋਰੋਨਾ ਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਵਾਇਰਸ ਦੇ ਕਾਰਨ ਲਗਾਤਾਰ ਵਿਗੜਦੀ ਸਥਿਤੀ ਤੋਂ ਬਾਅਦ, ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਇੱਕ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਅਨੁਸਾਰ ਜੇ ਮਈ ਦੇ ਅਖੀਰ ਤੱਕ ਸਥਿਤੀ ਕਾਬੂ ਵਿਚ ਨਹੀਂ ਆਉਣਦੀ ਤਾਂ ਟੋਕਿਓ ਓਲੰਪਿਕ ਰੱਦ ਕਰ ਦਿੱਤਾ ਜਾਵੇਗਾ। ਕਾਬੂ ਨਾ ਆਉਣ ਦੀ ਸਥਿਤੀ ਵਿਚ ਓਲੰਪਿਕ ਖੇਡਾਂ ਦਾ ਸਮਾਂ ਨਹੀਂ ਬਦਲਿਆ ਜਾਵੇਗਾ ਅਤੇ ਨਾ ਹੀ ਇਨ੍ਹਾਂ ਨੂੰ ਟਾਲਿਆ ਜਾਵੇਗਾ।

ਬਲਕਿ ਖੇਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਆਈਓਸੀ ਮੈਂਬਰ ਅਤੇ ਸਾਬਕਾ ਓਲੰਪਿਕ ਚੈਂਪੀਅਨ ਤੈਰਾਕ ਡਿਕ ਪਾਉਂਡ ਨੇ ਕਿਹਾ, ‘ਸਾਡੇ ਕੋਲ ਤਿੰਨ ਮਹੀਨੇ ਦਾ ਸਮਾਂ ਹੈ। ਜਿਸ ਵਿਚ ਅਸੀਂ ਟੋਕਿਓ ਓਲੰਪਿਕ ਦੇ ਭਵਿੱਖ ‘ਤੇ ਫੈਸਲਾ ਕਰਾਂਗੇ। ਮਈ ਵਿਚ ਇਸ ਦੀ ਤਿਆਰੀਆਂ ਆਪਣੇ ਅੰਤਮ ਰੂਪ ਵਿਚ ਹੋਣਗੀਆਂ। ਤਿਆਰੀਆਂ ਪੂਰੀ ਹੋਣ ਤੋਂ ਪਹਿਲਾਂ, ਅਸੀਂ ਫੈਸਲਾਂ ਕਰਾਂਗੇ ਕਿ ਇਹ ਖੇਡਾਂ ਹੋਣਗੀਆਂ ਜਾਂ ਨਹੀਂ। ਓਲੰਪਿਕਸ 24 ਜੁਲਾਈ ਸ਼ੁੱਕਰਵਾਰ ਨੂੰ ਸ਼ੁਰੂ ਹੋਣਗੇ ਅਤੇ 9 ਅਗਸਤ ਨੂੰ ਖਤਮ ਹੋਣਗੇ।

ਕੋਰੋਨਾ ਵਾਇਰਸ ਕਾਰਨ ਚੀਨ ਵਿਚ ਮੁੱਕੇਬਾਜ਼ੀ ਅਤੇ ਬੈਡਮਿੰਟਨ ਦੇ ਓਲੰਪਿਕ ਕੁਆਲੀਫਾਇੰਗ ਮੁਕਾਬਲਿਆਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ। 
ਚੀਨ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਦੱਖਣੀ ਕੋਰੀਆ ਵਿਚ ਪ੍ਰਸਤਾਵਿਤ ਟੇਬਲ ਟੈਨਿਸ ਟੀਮ ਵਰਲਡ ਚੈਂਪੀਅਨਸ਼ਿਪ ਦਾ ਆਯੋਜਨ ਮੁਲਤਵੀ ਕਰ ਦਿੱਤੀ ਗਈ ਹੈ। ਅੰਤਰਰਾਸ਼ਟਰੀ ਟੇਬਲ ਟੈਨਿਸ ਫੈਡਰੇਸ਼ਨ ਨੇ ਕਿਹਾ ਕਿ ਬੁਸਾਨ ਵਿੱਚ 22 ਤੋਂ 29 ਮਾਰਚ ਤੱਕ ਪ੍ਰਸਤਾਵਿਤ ਚੈਂਪੀਅਨਸ਼ਿਪ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। 

ਇਸ ਟੂਰਨਾਮੈਂਟ ਨੂੰ ਹੁਣ ਟੋਕਿਓ ਓਲੰਪਿਕ ਤੋਂ ਇਕ ਮਹੀਨਾ ਪਹਿਲਾਂ 21 ਜੂਨ ਤੋਂ 28 ਜੂਨ ਤੱਕ ਕਰਵਾਉਣ ਦੀ ਯੋਜਨਾ ਹੈ। ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਖਤਰਾ ਚੀਨ ਵਿਚ ਹੈ। ਹਾਲਾਂਕਿ ਜਾਪਾਨ ਵਿਚ ਅਜੇ ਤੱਕ ਇਸ ਤੋਂ ਕੀਸੇ ਦੀ ਮੌਤ  ਨਹੀਂ ਹੋਈ ਹੈ। ਪਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕ ਵੀ ਇੱਥੇ ਪਾਏ ਗਏ ਹਨ। ਨਜ਼ਦੀਕੀ ਸ਼ਹਿਰ ਚੀਬਾ (ਟੋਕਿਓ) ਵਿੱਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਸ ਸ਼ਹਿਰ ਵਿੱਚ ਓਲੰਪਿਕ ਦੀ ਤਾਈਕਵਾਡੋ, ਫੈਨਸਿੰਗ, ਕੁਸ਼ਤੀ ਅਤੇ ਸਰਫਿੰਗ ਖੇਡਾਂ ਹੋਣੀਆਂ ਹਨ।

ਇਸ ਸਮੇਂ, ਟੋਕਿਓ ਵਿੱਚ ਹਰ ਤਰਾਂ ਦੇ ਖੇਡ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪਹਿਲੀ ਵਾਰ, ਸੁਨਾਮੀ ਅਤੇ ਭੂਚਾਲ ਤੋਂ ਬਾਅਦ ਜਾਪਾਨ ਵਿੱਚ ਵੱਡੇ ਪੱਧਰ ਦੀਆਂ ਖੇਡਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਟੋਕਿਓ ਓਲੰਪਿਕਸ (2020 ਓਲੰਪਿਕ) ਤੋਂ ਪਹਿਲਾਂ ਇਕ ਹੋਰ ਬੁਰੀ ਖ਼ਬਰ ਇਹ ਹੈ ਕਿ ਪ੍ਰਬੰਧਕਾਂ ਨੇ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਕਾਰਨ ਆਪਣੇ ਵਲੰਟੀਅਰਾਂ ਦੀ ਸਿਖਲਾਈ ਮੁਲਤਵੀ ਕਰ ਦਿੱਤੀ ਹੈ। ਵਲੰਟੀਅਰਾਂ ਨੂੰ ਸਿਖਲਾਈ ਪ੍ਰੋਗਰਾਮ ਦੀ ਅਗਲੀ ਤਰੀਕ ਬਾਰੇ ਨਹੀਂ ਦੱਸਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਮਹੀਨੇ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਦੇ ਮੱਦੇਨਜ਼ਰ ਇੱਕ ਮੈਡੀਕਲ ਐਮਰਜੈਂਸੀ ਦੀ ਘੋਸ਼ਣਾ ਕੀਤੀ।